18/08/2026
ਕੈਪ ਆਫਿਸ,
ਅੰਮ੍ਰਿਤਸਰ,
ਮਿਤੀ 18 ਅਗਸਤ 2026
ਸਿੱਖ ਕੌਮ ਨੂੰ ਹਾਰਦਿਕ ਅਪੀਲ
ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਨਾਜੁਕ ਸਮੇ ਵਿਚ ਸਿੱਖ ਕੌਮ ਬਹੁਤੇ ਪੰਥਕ ਮਸਲਿਆ ਤੇ ਇਕੱਠੀ ਹੈ ਅਤੇ ਇਸ ਕੌਮ ਦੀ ਅਸੀਮਤ ਸ਼ਕਤੀ ਦੀ ਸਹੀ ਵਰਤੋ ਕਰਦੇ ਹੋਏ ਇਕ ਤਾਂ 30-30, 32-32 ਸਾਲਾਂ ਤੋ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਏ ਹੋਏ ਸਿੰਘਾਂ ਜਿਨ੍ਹਾਂ ਦੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਮਿਲਣ ਲਈ ਆਖਰੀ ਸਾਹਾਂ ਵਿਚ ਹਨ। ਜਿਵੇ ਜਥੇਦਾਰ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ, ਜਗਤਾਰ ਸਿੰਘ ਤਾਰਾ ਅਤੇ ਹੋਰ ਅਨੇਕਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਈਏ ।
ਦੂਸਰਾ ਜੋ ਸਾਡੀ ਸਿਰਮੌਰ ਧਾਰਮਿਕ ਸੰਸਥਾਂ ਐਸ.ਜੀ.ਪੀ.ਸੀ ਹੈ ਜਿਸਦੀਆਂ ਜਰਨਲ ਜਮਹੂਰੀਅਤ ਚੋਣਾਂ ਹੋਏ ਨੂੰ 15 ਸਾਲ ਹੋ ਗਏ ਹਨ, ਉਸਦੀ ਚੋਣ ਕਰਵਾਕੇ ਇਸ ਮਹਾਨ ਸੰਸਥਾਂ ਦਾ ਪ੍ਰਬੰਧ ਸੱਚੇ-ਸੁੱਚੇ ਸਿੱਖਾਂ ਦੇ ਹੱਥ ਵਿਚ ਸੌਪੀਏ । ਜਿਹੜਾ ਮਨੁੱਖੀ ਅਧਿਕਾਰਾਂ ਤੇ ਇਨਸਾਨੀਅਤ ਦਾ ਘਾਣ ਬੁੱਚੜ ਬੇਅੰਤ ਸਿੰਘ ਤੇ ਕੇ.ਪੀ.ਐਸ. ਗਿੱਲ ਸਮੇ ਹੋਇਆ ਉਸਦਾ ਬਹੁਤ ਸਾਰਾ ਇਤਿਹਾਸ ਤੇ ਹਿੱਸਾ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਸਾਡੇ ਕੋਲ ਹੈ । ਇਸ ਵਿਸ਼ੇ ਤੇ ਜੋ ਸ. ਦਲਜੀਤ ਸਿੰਘ ਦੁਸਾਂਝ ਨੇ ਸਤਲੁਜ ਫਿਲਮ ਬਣਾਕੇ ਕੌਮ ਦੀ ਵੱਡੀ ਸੇਵਾ ਕੀਤੀ ਹੈ, ਉਹ ਸਹਲਾਉਣ ਯੋਗ ਹੈ ਕਿਉਂਕਿ ਹਰ ਪਿੰਡ ਤੇ ਕਸਬੇ ਵਿਚ ਪੁਲਿਸ ਵੱਲੋ ਨੌਜਵਾਨਾਂ ਨੂੰ ਝੂਠੇ ਮੁਕਾਬਲਿਆ ਵਿਚ ਮਾਰਕੇ ਸਤਲੁਜ ਦਰਿਆ ਵਿਚ ਸੁੱਟਿਆ ਸੀ । ਉਨ੍ਹਾਂ ਬੇਕਸੂਰ ਸਿੱਖਾਂ ਤੇ ਸ਼ਹੀਦਾਂ ਦੇ ਘਰ ਖੰਡਰ ਹੋ ਚੁੱਕੇ ਹਨ । ਉਨ੍ਹਾਂ ਦੀ ਹਕੂਮਤੀ ਜਾਂ ਕੌਮੀ ਪੱਧਰ ਤੇ ਮੁਰੰਮਤ ਕਰਵਾਕੇ ਉਥੇ ਅਸੀ ਸਿੱਖ ਕੌਮ ਦੇ ਇਤਿਹਾਸ ਸੰਬੰਧੀ ਲਾਇਬ੍ਰੇਰੀਆ ਖੋਲਣ ਦੀ ਜਿੰਮੇਵਾਰੀ ਨਿਭਾਅ ਸਕੀਏ ।
ਤੀਸਰੀ ਮੇਰੀ ਸਾਧ ਸੰਗਤ ਨੂੰ ਹੱਥ ਜੋੜਕੇ ਅਪੀਲ ਹੈ ਕਿ ਅਸੀ ਤਾਂ ਪੂਰੀ ਜਿੰਦਗੀ ਸੈਟਰ ਹਕੂਮਤ, ਏਜੰਸੀਆ, ਜੇਲ੍ਹਾਂ, ਕਾਲ ਕੋਠੜੀਆ ਨਾਲ ਟੱਕਰਾਂ ਮਾਰ ਲਈਆ ਹਨ ਕਿ ਕੌਮ ਆਪਣੇ ਕੌਮੀ ਮਿਸ਼ਨ ਤੇ ਇਕ ਹੋਵੇ ਅਤੇ ਸਮੂਹਿਕ ਏਕਤਾ ਦਾ ਅਮਲ ਸਾਹਮਣੇ ਆਵੇ । ਇਸ ਲਈ ਹੁਣ ਕੌਮੀ ਏਕਤਾ ਨੂੰ ਅਮਲੀ ਰੂਪ ਦੇਣ ਹਿੱਤ ਘਰ-ਘਰ ਜਾ ਕੇ 13600 ਪਿੰਡਾਂ ਵਿਚ ਇਹ ਮਤੇ ਪਵਾਏ ਜਾਣ ਕਿ ਸੈਟਰ ਤੇ ਉਨ੍ਹਾਂ ਦੀਆਂ ਸਹਿਯੋਗੀ ਪਾਰਟੀਆ ਨੂੰ ਆਪਣੇ ਪਿੰਡਾਂ ਵਿਚ ਉਦੋ ਤੱਕ ਵੜਨ ਨਹੀ ਦੇਵਾਂਗੇ ਜਦੋ ਤੱਕ ਸਿੱਖ ਕੌਮ ਤੇ ਪੰਜਾਬ ਦੇ ਮਸਲੇ ਹੱਲ ਨਹੀ ਹੁੰਦੇ । ਜਿਥੋ ਤੱਕ ਸ਼ਹਿਰਾਂ ਦਾ ਸੰਬੰਧ ਹੈ, ਉਥੇ ਕੌਸਲ ਆਪਣੀਆ ਕੌਸਲਾਂ ਤੇ ਕਮੇਟੀਆ ਵਿਚ ਇਹ ਮਤੇ ਪਵਾਉਦੇ ਹੋਏ ‘ਇਨਸਾਫ਼’ ਕਮੇਟੀਆ ਬਣਾਉਣ । ਫਿਰ ਉਹ ਸਾਡੇ ਜਿ਼ਲ੍ਹਾ ਜਥੇਦਾਰਾਂ ਰਾਹੀ ਜਾਂ ਮੈਨੂੰ ਸਿੱਧੇ ਤੌਰ ਤੇ ਮਿਲਕੇ ਇਹ ਰਿਪੋਰਟ ਦੇਣ ਜਿਸ ਨਾਲ ਮੈ ਗੁਪਤ ਰੂਪ ਵਿਚ ਪ੍ਰੋਗਰਾਮ ਦੇ ਸਕਾਂ ਅਤੇ ਕੌਮੀ ਏਕਤਾ ਅਮਲੀ ਰੂਪ ਵਿਚ ਉਸੇ ਤਰ੍ਹਾਂ ਸਾਕਾਰ ਹੋ ਸਕੇ ਜਿਵੇ ਸਿੱਖਾਂ ਦੀਆਂ 12 ਮਿਸਲਾਂ ਸੰਕਟ ਸਮੇ ਇਕੱਠੀਆ ਹੋ ਕੇ ਫਤਹਿ ਪ੍ਰਾਪਤ ਕਰਦੀਆ ਰਹੀਆ ਹਨ ।
ਮੈਂ ਆਪਣੇ ਜਿਊਦੇ ਜੀ ਇਹ ਕੌਮੀ ਫਰਜ਼ ਪੂਰੇ ਕਰਕੇ ਜਾਣਾ ਚਾਹੁੰਦਾ ਹਾਂ, ਜੇਕਰ ਤੁਹਾਡਾ ਮੇਰੇ ਉਪਰ ਵਿਸਵਾਸ ਹੈ ਤਾਂ ਉਪਰੋਕਤ ਤਿੰਨੇ ਕੌਮੀ ਫਰਜਾਂ ਦੀ ਪੂਰਤੀ ਲਈ ਸਾਨੂੰ ਸਹਿਯੋਗ ਕੀਤਾ ਜਾਵੇ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਅਸੀ ਕਿਨਾਰੇ ਤੇ ਲਗਾ ਸਕੀਏ ਅਤੇ ਮੈਂ ਜਦੋ ਵੀ ਇਸ ਫਾਨੀ ਦੁਨੀਆ ਤੋ ਰੁਖਸਤ ਹੋਵਾ ਤਾਂ ਮੈਂ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਸਕੂਨ ਨਾਲ ਜਾ ਸਕਾਂ ।
ਗੁਰੂਘਰ ਤੇ ਪੰਥ ਦਾ ਦਾਸ,
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।