09/16/2024
ਮੈਂ ਤੇ ਤੁਸੀਂ-3
ਹਰ ਕੋਈ ਖੇਡ ਸਕਦਾ ਹੈ।
ਇੱਕ ਬੇਟੇ ਦਾ ਇਕਬਾਲੀਆ ਬਿਆਨ ਪੜ੍ਹ ਰਿਹਾ ਸੀ, , ਜਿਸ ਵਿਚੋਂ ਇੱਕ ਟੂਕ ਕੁਝ ਇਸ ਤਰ੍ਹਾਂ ਸੀ, “ ਮੇਰੀ ਮੌਮ ਪੂਰੀ ਸੇਹਤਮੰਦ ਸੀ ਜਦੋਂ ਉਸਦੀ ਉਮਰ 54 ਸਾਲ ਸੀ ਜਦੋਂ ਉਹ ਡਾਉਨ-ਟਾਉਨ ਵਿਚ ਇੱਕ ਮਸ਼ਹੂਰ ਬੇਕਰੀ ਦੀ ਮਾਲਕ ਸੀ ਤੇ ਸੁਪਨਈ ਪੈਸੇ ਕਮਾਉਂਦੀ ਸੀ, ਅਸਲ ਵਿਚ ਇਹ ਉਸਦਾ ਸੁਪਨਾ ਸੀ। ਇਸ ਤੋਂ 15 ਸਾਲ ਪਹਿਲਾਂ ਉਹ ਬਿਮਾਰ ਹੋਈ ਤੇ ਪੜਤਾਲ ਤੋਂ ਪਤਾ ਲੱਗਾ ਕਿ ਉਸਨੂੰ ਕੈਂਸਰ ਹੈ। ਆਪਣੀ ਮੌਤ ਦੀ ਦਹਿਲੀਜ਼ ਤੇ ਖੜੀ, ਉਸਨੇ ਆਪਣੇ ਸੁਪਨਈ ਕੰਮ ਨੂੰ ਨੇਪਰੇ ਚਾੜ੍ਹਨ ਲਈ ਆਪਣੀ ਸਟੋਰ ਕਲਰਕ ਦੀ ਨੌਕਰੀ ਛੱਡ ਦਿੱਤੀ ਤੇ ਬੇਕਰੀ ਦਾ ਕਾਰੋਬਾਰ ਸ਼ੁਰੂ ਕਰ ਲਿਆ। ਉਸਦੀ ਦੁਕਾਨਦਾਰੀ ਤੇ ਕੀਮੋ ਥਿਰੋਪੀ ਨਾਲੋਂ ਨਾਲ ਸ਼ੁਰੂ ਹੋਏ ਤੇ ਸਖ਼ਤ ਜਾਨ ਮੇਰੀ ਮੇਮ ਨੇ ਦੋਵੇਂ ਕੰਮਾਂ ਵਿਚ ਸਫਲਤਾ ਹਾਸਲ ਕੀਤੀ। ਕੈਂਸਰ ਤੋਂ ਨਿਜਾਤ ਵੀ ਪਾ ਲਈ ਤੇ ਦੁਕਾਨਦਾਰੀ ਵੀ ਚਲਾ ਲਈ।
ਆਮ ਤੌਰ ਤੇ ਜਦੋਂ ਅਸੀਂ ਹਤਾਸ਼ ਹੋ ਜਾਂਦੇ ਹਾਂ ਤਾਂ ਹੌਂਸਲਾ ਹਾਰ ਜਾਂਦੇ ਹਾਂ ਤੇ ਨਾਲ ਹੀ ਇੱਛਾ ਸ਼ਕਤੀ ਨਾਲੋਂ ਤੋੜ ਵਿਛੋੜਾ ਕਰ ਬੈਠਦੇ ਹਾਂ। ਜੋ ਹੋਣਾ ਹੈ, ਉਸਦੀ ਇੰਤਜ਼ਾਰ ਵਿਚ ਬੈਠ ਜਾਂਦੇ ਹਾਂ, ਜਿਵੇਂ ਰੇਲਵੇ ਸਟੇਸ਼ਨ ਤੇ ਲੇਟ ਹੋਈ ਗੱਡੀ ਦਾ ਇੰਤਜ਼ਾਰ ਕਰ ਰਹੇ ਹੋਈਏ।
ਇੱਕ ਗੱਲ ਪੱਕੀ ਹੈ ਜੋ ਅਸੀਂ ਧਾਰ ਲਈਏ ਤੇ ਧਾਰੇ ਤੇ ਅਮਲ ਸ਼ੁਰੂ ਕਰ ਦੇਈਏ ਤਾਂ ਸਾਰੀ ਕਾਇਨਾਤ ਹੀ ਤੁਹਾਡੇ ਅਮਲ ਨਾਲ ਵਾਬਸਤਾ ਹੋ ਜਾਵੇਗੀ। ਕੀ ਇਹ ਕਥਨ ਠੀਕ ਹੈ? ਇਸਦੇ ਦੋ ਅਧਾਰ ਹਨ, ਇੱਕ ਮਨੌਤ ਤੇ ਇੱਕ ਵਿਗਿਆਨਕ ਕਾਰਣ, ਪਰ ਦੋਵਾਂ ਹੀ ਹਾਲਾਤ ਵਿਚ, ਕਾਇਨਾਤ ਨਾਲ ਜੁੜਨ ਵਾਲੀ ਗੱਲ ਤੁਹਾਨੂੰ ਹਾਂ-ਪੱਖੀ ਹੁੰਗਾਰਾ ਜ਼ਰੂਰ ਦਿੰਦੀ ਹੈ।
ਮੇਰਾ ਬੇਟਾ ਜਨਮ ਤੋਂ ਸਰੀਰਕ ਤੇ ਮਾਨਸਿਕ ਤੌਰ ਤੇ ਠੀਕ ਨਹੀ ਹੈ, ਇਸ ਲਈ ਅਸੀਂ ਵੀ ਕਈ ਵਾਰ ਹਤਾਸ਼ ਹੋ ਜਾਂਦੇ ਹਾਂ ਤੇ ਜਾਣੇ ਅਨਜਾਣੇ ਕਈ ਵਾਰ ਉਦਾਸੀ ਸਹੇੜ ਲੈਂਦੇ ਹਾਂ। ਇੱਕ ਵਾਰ ਮੈਨੂੰ ਇੱਕ ਐਸੇ ਹੀ ਆਲਮ ਵਿਚ ਕੁਝ ਪੜ੍ਹਣ ਦਾ ਮੌਕਾ ਮਿਲਿਆ। ਆਉ ਤੁਹਾਡੇ ਨਾਲ ਵੀ ਸਾਂਝਾ ਕਰਦਾ ਹਾਂ।
ਹਰ ਕੋਈ ਖੇਡ ਸਕਦਾ ਹੈ।
ਮੰਦ-ਬੁਧੀ ਬੱਚਿਆਂ ਦੀ ਦੇਖ ਰੇਖ ਕਰਨ ਵਾਲੇ ਇੱਕ ਅਮਰੀਕਨ ਸਕੂਲ ਦਾ ਫੰਡ ਰੇਜ਼ਿੰਗ ਡਿਨਰ ਸੀ। ਡਿਨਰ ਵਿਚ,ਉਸ ਸਕੂਲ ਦੇ ਰਹਿ ਚੁੱਕੇ ਵਿਦਿਆਰਥੀ ਦਾ ਪਿਤਾ ਵੀ ਹਾਜ਼ਰ ਸੀ। ਉਸਨੇ ਆਪਣੇ ਨਾਲ ਵਾਪਰੀ ਇੱਕ ਘਟਨਾ ਦਾ ਉਲੇਖ ਕੀਤਾ, ਜਿਸਨੂੰ ਕੋਈ ਵੀ ਸੁਣਨ ਵਾਲਾ ਆਪਣੀ ਜ਼ਿੰਦਗੀ ਵਿਚ ਭੁਲਾ ਨਹੀ ਸਕਦਾ। ਸਕੂਲ ਤੇ ਉਸਦੇ ਸਟਾਫ ਦੇ ਸੋਹਲੇ ਗਾਉਣ ਤੋਂ ਬਾਦ, ਉਸਨੇ ਇੱਕ ਸੁਆਲ ਖੜਾ ਕੀਤਾ--
ਜਦੋਂ ਬਾਹਰਲਾ ਪ੍ਰਭਾਵ ਕੋਈ ਵੀ ਦਖ਼ਲ ਅੰਦਾਜ਼ੀ ਨਾ ਕਰੇ ਤਾਂ ਕੀ ਕੁਦਰਤ ਕੁਝ ਵੀ ਕ੍ਰਿਸ਼ਮੇ ਵਰਗਾ, ਕੁਝ ਕਰ ਸਕਦੀ ਹੈ? ਉਸਨੇ ਆਪ ਹੀ ਜੁਆਬ ਦੇ ਦਿੱਤਾ, “ ਨਹੀ, ਇਹ ਕੁਦਰਤ ਨਹੀ, ਇਹ ਇੱਕ ਸੰਵੇਦਨਾ ਦਾ ਵਰਤਾਰਾ ਹੈ, ਜਿਸਨੂੰ ਸਮਝਣ ਦੀ ਲੋੜ ਹੈ। ਦੁਨੀਆ ਖੂਬਸੂਰਤ ਹੋ ਜਾਂਦੀ ਹੈ, ਤੁਹਾਡੇ ਲਈ ਵੀ ਤੇ ਮੇਰੇ ਲਈ ਵੀ। ਮੇਰੇ ਬੇਟੇ ਸ਼ਾਹ ਨੂੰ, ਆਮ ਬੱਚਿਆਂ ਵਾਂਗ ਸੋਝੀ ਨਹੀ ਸੀ, ਉਸਨੂੰ ਵਸਤਾਂ ਦੀ ਸਮਝ ਨਹੀ ਆਉਂਦੀ ਸੀ ਜਿਵੇਂ ਬਾਕੀ ਨਿਆਣੇ ਸਿੱਖਦੇ ਹਨ। ਜੇ ਇੰਝ ਸੀ ਤਾਂ ਕੁਦਰਤ ਦਾ ਕ੍ਰਿਸ਼ਮਾ ਕਿੱਥੇ ਹੈ? ਕਿੱਥੇ ਹੈ ਤੁਹਾਡਾ ਰੱਬ? ਸਾਰੇ ਦਰਸ਼ਕ ਮੂਕ ਬਣੇ ਉਸਨੂੰ ਸੁਣ ਰਹੇ ਸਨ।
ਪਿਤਾ ਨੇ ਬੋਲਣਾ ਜਾਰੀ ਰਖਦਿਆਂ ਕਿਹਾ, “ ਮੇਰਾ ਯਕੀਨ ਹੈ ਕਿ ਜਦੋਂ ਸ਼ਾਹ ਵਰਗਾ ਨਿਆਂਣਾ ਸਰੀਰਕ ਤੇ ਮਾਨਸਿਕ ਤੌਰ ਤੇ ਅਪੰਗ ਇਸ ਦੁਨੀਆਂ ਤੇ ਆਉਂਦਾ ਹੈ, ਤਾਂ ਇਨਸਾਨ ਦੇ ਅਸਲ ਸੁਭਾਅ ਨੂੰ ਪਹਿਚਾਨਣ ਦਾ ਮੌਕਾ ਮਿਲਦਾ ਹੈ, ਉਸ ਅੰਦਰ ਬੈਠੀ ਚੰਗਿਆਈ ਅਕਸਰ ਟੁੰਬੀ ਜਾਂਦੀ ਹੈ। ਇਹ ਇਸਤਰ੍ਹਾਂ ਉਜਾਗਰ ਹੁੰਦੀ ਹੈ ਕਿ ਇਨਸਾਨ ਦਾ ਨਾਤਾ ਆਪਣੇ ਆਪ ਹੀ ਉਸ ਨਿਆਂਣੇ ਜ਼ਰੀਏ ਚੰਗੇਪਨ ਨਾਲ ਜੁੜ ਜਾਂਦਾ ਹੈ ਤੇ ਇਹੋ ਹੀ ਅਸਲ ਗੱਲ ਹੈ।
ਇਤਨਾ ਪੜ੍ਹਦਿਆਂ ਮੈਨੂੰ ਆਪਣੇ ਜੈਸੀ ਦਾ ਖਿਆਲ ਆਉਂਦਾ ਹੈ ਜੋ ਹੁਣ ਚਾਲੀਆਂ ਦਾ ਹੋਣ ਵਾਲਾ ਹੈ ਪਰ ਦਿਮਾਗੋਂ ਅਜੇ ਵੀ ਚਾਰ ਸਾਲ ਦਾ ਬੱਚਾ ਹੈ। ਉਸਦਾ ਸ਼ੌਕ ਹੈ ਸ਼ਾਮ ਨੂੰ ਆਇਸ ਕਰੀਮ-ਟਰਕ ਤੋਂ ਆਇਸ ਕਰੀਮ ਖਰੀਦ ਕੇ ਖਾਣ ਦਾ। ਉਸਨੂੰ ਕਿਤਨਾ ਵੀ ਕਹਿ ਲਵੋ ਕਿ ਬਾਹਰੋਂ ਕਿਸੇ ਸਟੋਰ ਤੋਂ ਲੈ ਆਉਂਦੇ ਹਾਂ ਪਰ ਉਹ ਆਇਸ ਕਰੀਮ ਨਹੀ ਬਲਕਿ ਉਸਨੂੰ ਖਰੀਦਣ ਦੇ ਤਰੀਕੇ ਨਾਲ ਖੁਸ਼ ਹੁੰਦਾ ਹੈ। ਹੱਥ ਵਿਚ ਟੂਨੀ ਫੜੀ ਉਹ ਘੰਟਿਆਂ ਬੱਧੀ ਇੰਤਜਾਰ ਕਰਦਾ ਹੈ। ਕਈ ਵਾਰ ਟੂਨੀ ਕਿਤੇ ਡਿਗ ਪੈਂਦੀ ਹੈ ਤੇ ਜਦੋਂ ਟਰਕ ਆਉਂਦਾ ਹੈ ਤਾਂ ਉਸਦਾ ਹੱਥ ਖਾਲੀ ਹੁੰਦਾ ਹੈ ਪਰ ਉਹ ਕਦੇ ਵੀ ਆਇਸ ਕਰੀਮ ਤੋਂ ਬਗੈਰ ਨਹੀ ਰਿਹਾ। ਕਦੇ ਕੋਈ ਪੈਸੇ ਦੇ ਦਿੰਦਾ ਹੈ ਤੇ ਕਦੇ ਟਰਕ ਵਾਲਾ ਆਪ ਹੀ ਆਈਸ ਕਰੀਮ ਦੇ ਦਿੰਦਾ ਹੈ। ਸਾਨੂੰ ਭਾਵੇਂ ਬਾਦ ਵਿਚ ਨਮੋਸ਼ੀ ਹੋਵੇ ਪਰ ਕਿਸੇ ਨਾ ਕਿਸੇ ਦੀ ਚੰਗਿਆਈ ਨੇ ਕੀਮਤ ਤਾਰੀ ਹੁੰਦੀ ਹੈ।
ਇਹ ਸੋਚਦਿਆਂ ਮੈ ਦੁਬਾਰਾ ਪੜ੍ਹਦਾ ਹਾਂ।
ਪਿਤਾ ਆਪਣਾ ਬਿਰਤਾਂਤ ਜਾਰੀ ਰਖਦਾ ਹੋਇਆ ਕਹਿੰਦਾ ਹੈ, “ਸ਼ਾਹ ਤੇ ਉਸਦਾ ਪਿਤਾ ਇੱਕ ਪਾਰਕ ਕੋਲੋਂ ਲੰਘਦੇ ਹਨ ਜਿੱਥੇ ਕੁਝ ਮੁੰਡੇ ਬੇਸਬਾਲ ਖੇਡ ਰਹੇ ਸਨ। ਸ਼ਾਹ ਆਪਣੇ ਪਿਤਾ ਨੂੰ ਪੁੱਛਦਾ ਹੈ, ‘ਡੈਡ ਕੀ ਤੈਨੂੰ ਲਗਦਾ ਹੈ ਕਿ ਇਹ ਮੈਨੂੰ ਵੀ ਖਿਡਾਉਣਗੇ?” ਸ਼ਾਹ ਦਾ ਪਿਤਾ ਜਾਣਦਾ ਹੈ ਕਿ ਬਹੁਤੇ ਮੁੰਡੇ ਇਹ ਨਹੀ ਚਾਹੁੰਣਗੇ ਕਿ ਸ਼ਾਹ ਉਨ੍ਹਾਂ ਦੀ ਟੀਮ ਵਿਚ ਖੇਡੇ ਪਰ ਡੈਡ ਇਹ ਵੀ ਜਾਣਦਾ ਸੀ ਕਿ ਜੇ ਸ਼ਾਹ ਨੂੰ ਉਹ ਖਿਡਾ ਲੈਂਦੇ ਹਨ, ਤਾਂ ਇਹ ਸ਼ਾਹ ਲਈ ਬਹੁਤ ਹੀ ਚੰਗਾ ਹੋਵੇਗਾ, ਉਸਨੂੰ ਅਹਿਸਾਸ ਹੋਵੇਗਾ ਕਿ ਉਹ ਵੀ ਕਿਸੇ ਟੀਮ ਦਾ ਹਿੱਸਾ ਹੈ ਤੇ ਇਸਤਰ੍ਹਾਂ ਉਸਦਾ ਵਿਸ਼ਵਾਸ਼ ਵੀ ਵਧੇਗਾ।
ਸ਼ਾਹ ਦਾ ਪਿਤਾ ਗਰਾਉਂਡ ਵਿਚ ਗਿਆ ਤੇ ਇੱਕ ਮੁੰਡੇ ਨਾਲ ਸ਼ਾਹ ਦੇ ਖੇਡਣ ਬਾਰੇ ਗੱਲ ਕੀਤੀ ਪਰ ਉਸਨੂੰ ਬਹੁਤਾ ਭਰੋਸਾ ਨਹੀ ਸੀ ਕਿ ਕੁਝ ਵਧੀਆ ਜੁਆਬ ਆਵੇਗਾ। ਮੁੰਡਾ ਵੀ ਭਵੱਤਰ ਗਿਆ ਤੇ ਆਸੇ ਪਾਸੇ ਮਦਦ ਲਈ ਵੇਖਣ ਲੱਗਾ ਤੇ ਬੋਲਿਆ, “ ਅਸੀਂ ਛੇ ਸਕੋਰਾਂ ਤੇ ਅੱਗੇ ਹੀ ਹਾਰ ਰਹੇ ਹਾਂ ਤੇ ਗੇਮ ਇਸ ਵੇਲੇ ਅਠਵੀਂ ਪਾਰੀ ਵਿਚ ਹੈ। ਮੇਰਾ ਖਿਆਲ ਹੈ ਕਿ ਨੌਵੀਂ ਪਾਰੀ ਵਿਚ ਅਸੀਂ ਉਸਨੂੰ ਖਿਡਾ ਸਕਦੇ ਹਾਂ ਤੇ ਬੈਟ ਇਸਦੇ ਹੱਥ ਫੜਾ ਸਕਦੇ ਹਾਂ।“
ਸ਼ਾਹ ਨੇ ਟੀਮ ਦੇ ਬੈਂਚ ਵਲ ਜਾਂਦਿਆਂ ਕੁਝ ਤੁਰਨ ਲਈ ਸੰਘਰਸ਼ ਕੀਤਾ ਕਿਉਂਕਿ ਉਹ ਚਲਣ ਵਿਚ ਵੀ ਦਿੱਕਤ ਮਹਿਸੂਸ ਕਰਦਾ ਸੀ ਤੇ ਜਾਕੇ ਟੀਮ ਦੀ ਸ਼ਰਟ ਪਾ ਲਈ। ਇਸ ਨਾਲ ਉਸਦੇ ਮੁੱਖ ਤੇ ਰੁਹਾਨੀ ਮੁਸਕਰਾਹਟ ਆ ਗਈ ਤੇ ਪਿਤਾ ਦੀਆਂ ਅੱਖਾਂ ਵਿਚ ਅਥਰੂ ਆ ਗਏ ਪਰ ਉਸਦੇ ਦਿਲ ਨੇ ਨਿੱਘ ਮਹਿਸੂਸ ਕੀਤਾ। ਮੁੰਡਿਆ ਨੇ ਪਿਤਾ ਦਾ ਖੇੜਾ ਵੇਖਿਆ, ਜਦੋਂ ਉਸਦਾ ਬੇਟਾ ਟੀਮ ਦਾ ਮੈਂਬਰ ਬਣ ਗਿਆ। ਅਠਵੀਂ ਪਾਰੀ ਵਿਚ ਸ਼ਾਹ ਦੀ ਟੀਮ ਨੇ ਕੁਝ ਹੰਬਲਾ ਤੇ ਮਾਰਿਆ ਪਰ ਪਾਰੀ ਦੇ ਖਾਤਮੇ ਤੱਕ ਉਹ ਅਜ਼ੇ ਵੀ ਤਿੰਨ ਸਕੋਰਾਂ ਨਾਲ ਪਿੱਛੇ ਸਨ। ਨੌਂਵੀ ਪਾਰੀ ਸ਼ੁਰੂ ਹੋ ਗਈ ਤੇ ਸ਼ਾਹ ਨੇ ਦਸਤਾਨੇ ਪਾ ਲਏ ਤੇ ਫੀਲਡ ਦੇ ਸੱਜੇ ਪਾਸੇ ਖਲੋ ਗਿਆ।
ਭਾਵੇਂ ਉਸਦੇ ਪਾਸੇ ਕੋਈ ਵੀ ਹਿੱਟ ਨਹੀ ਗਈ ਪਰ ਫਿਰ ਵੀ ਉਹ ਬਹੁਤ ਸਤਰਕ ਸੀ ਤੇ ਪੂਰੇ ਧਿਆਨ ਨਾਲ ਅੱਖਾਂ ਗੱਡੀ ਖੜਾ ਸੀ। ਕੰਨਾਂ ਤੱਕ ਖੁਸੀ ਨਾਲ ਲਾਲ ਹੋਇਆ ਸ਼ਾਹ ਆਪਣੇ ਪਿਤਾ ਵਲ ਕਦੇ ਕਦੇ ਵੇਖ ਲੈਂਦਾ ਜੋ ਸਟੈਂਡ ਤੋਂ ਉਸਨੂੰ ਹੱਥ ਹਿਲਾ ਹਿਲਾ ਹੱਲਾਸ਼ੇਰੀ ਦੇ ਰਿਹਾ ਸੀ। ਨੌਵੀ ਪਾਰੀ ਖਾਤਮੇ ਵਲ ਜਾ ਰਹੀ ਸੀ ਤੇ ਸ਼ਾਹ ਦੀ ਟੀਮ ਨੇ ਹੋਰ ਸਕੋਰ ਪ੍ਰਾਪਤ ਕਰ ਲਏ। ਹੁਣ ਜਦ ਕਿ ਦੋ ਆਉਟ ਹੋ ਗਏ ਤੇ ਬੇਸ ਵੀ ਭਖਿਆ ਹੋਇਆ ਸੀ ਤਾਂ ਸੰਭਾਵਨਾ ਸੀ ਕਿ ਜਿੱਤ ਵਾਲਾ ਸਕੋਰ ਵੀ ਮਿਲ ਹੀ ਜਾਇਗਾ। ਐਸੇ ਮੌਕੇ ਸ਼ਾਹ ਦੀ ਬੈਟ ਕਰਨ ਦੀ ਵਾਰੀ ਆ ਗਈ।
ਇਸ ਮੌਕੇ ਬਹੁਤ ਹੀ ਨਾਜ਼ਕ ਮਸਲਾ ਟੀਮ ਦੇ ਸਾਹਮਣੇ ਆ ਗਿਆ। ਕੀ ਉਹ ਸ਼ਾਹ ਨੂੰ ਬੈਟ ਕਰਨ ਦੇਣ ਕਿ ਨਾਂ, ਸ਼ਾਹ ਨੂੰ ਬੈਟ ਕਰਨ ਦਾ ਮੌਕਾ ਦੇਣ ਦਾ ਮਤਲਬ ਆਪਣੀ ਜਿੱਤ ਨੂੰ ਹੱਥੋਂ ਗਵਾਉਂਣਾ ਸੀ। ਹੈਰਾਨੀ ਤਾਂ ਉਦੋਂ ਹੋਈ ਜਦੋਂ ਸ਼ਾਹ ਨੂੰ ਇਹ ਮੌਕਾ ਦੇ ਦਿੱਤਾ ਗਿਆ। ਸਭ ਨੂੰ ਹੀ ਪਤਾ ਸੀ ਕਿ ਸ਼ਾਹ ਲਈ ਹਿੱਟ ਕਰਨਾ ਅਸੰਭਵ ਹੈ ਕਿਉਂਕਿ ਸ਼ਾਹ ਨੂੰ ਤੇ ਬੈਟ ਵੀ ਚੰਗੀ ਤਰ੍ਹਾਂ ਫੜਨਾ ਨਹੀ ਆਉਂਦਾ ਸੀ। ਕਦੇ ਹੋ ਹੀ ਨਹੀ ਸਕਦਾ ਸੀ ਕਿ ਉਸਦਾ ਬੈਟ, ਬਾਲ ਨੂੰ ਛੋਹ ਵੀ ਜਾਵੇ।
ਜਿਉਂ ਹੀ ਸ਼ਾਹ ਨੇ ਪਲੇਟ ਤੇ ਪੁਜੀਸ਼ਨ ਸੰਭਾਲੀ, ਤਾਂ ਦੂਸਰੀ ਟੀਮ ਦੇ ਪਿੱਚਰ ਨੂੰ ਅਹਿਸਾਸ ਹੋ ਗਿਆ ਕਿ ਵਿਰੋਧੀ ਟੀਮ ਨੇ ਸ਼ਾਹ ਵਾਸਤੇ ਆਪਣੀ ਯਕੀਨਨ ਜਿੱਤ ਨੂੰ ਦਾਅ ਤੇ ਲਾ ਦਿੱਤਾ ਹੈ ਤੇ ਉਨ੍ਹਾਂ ਨੂੰ ਜਿੱਤ ਦੀ ਬਜਾਇ ਸ਼ਾਹ ਦੀ ਖੁਸੀ ਪਿਆਰੀ ਹੈ ਤਾਂ ਪਿੱਚਰ ਨੇ ਵੀ ਕੁਝ ਸੋਚ ਲਿਆ। ਉਹ ਕੁਝ ਕਦਮ ਹੀ ਚਲਿਆ ਤੇ ਬਹੁਤ ਹੀ ਹੌਲੀ ਬਾਲ ਨੂੰ ਸ਼ਾਹ ਵਲ ਸੁਟਿਆ ਤਾਂ ਕਿ ਸ਼ਾਹ ਹਰ ਹਾਲਤ ਵਿਚ ਬਾਲ ਨੂੰ ਹਿੱਟ ਕਰ ਸਕੇ। ਜਿਉਂ ਹੀ ਬਾਲ ਸ਼ਾਹ ਵਲ ਆਇਆ, ਸ਼ਾਹ ਨੇ ਬਾਲ ਨੂੰ ਹੌਲੀ ਜਿਹੇ ਹਿੱਟ ਕੀਤਾ ਤੇ ਪਿਚਰ ਵੱਲ ਹੀ ਬਾਲ ਰਿੜ ਪਿਆ।
ਗੇਮ ਤੇ ਲਗਭਗ ਖਤਮ ਹੀ ਸੀ ਪਰ ਪਿੱਚਰ ਨੇ ਹੌਲੀ ਹੌਲੀ ਆ ਰਹੇ ਬਾਲ ਨੂੰ ਚੁੱਕ ਕੇ ਪਹਿਲੇ ਬੇਸਮੈਨ ਵਲ ਸੁਟ ਦਿੱਤਾ। ਸ਼ਾਹ ਅਸਾਨੀ ਨਾਲ ਆਉਟ ਹੋ ਸਕਦਾ ਸੀ ਤੇ ਗੇਮ ਦਾ ਭੋਗ ਪੈ ਜਾਣਾ ਸੀ ਪਰ ਪਿੱਚਰ ਨੇ ਬਾਲ ਪਹਿਲੇ ਬੇਸਮੈਨ ਦੇ ਸਿਰ ਉਪਰੋਂ ਸੁਟਿਆ ਤਾਂ ਕਿ ਉਨ੍ਹਾਂ ਦੀ ਟੀਮ ਦਾ ਕੋਈ ਵੀ ਖਿਡਾਰੀ,ਬਾਲ ਨੂੰ ਫੜ ਨਾ ਸਕੇ। ਸਟੈਂਡ ਤੇ ਖੜੇ ਦਰਸ਼ਕ ਚਿਲਾਏ, “ ਸ਼ਾਹ, ਭਜਕੇ ਰਨ ਬਟੋਰ ਲੈ, ਪਹਿਲੇ ਰਨ ਲਈ ਭਜ। ਆਪਣੀ ਜ਼ਿੰਦਗੀ ਵਿਚ ਸ਼ਾਹ ਕਦੇ ਵੀ ਇਤਨਾ ਤੇਜ਼ ਨਹੀ ਭਜਿਆ ਸੀ,ਉਸਨੇ ਪਹਿਲਾ ਬੇਸ ਪੂਰਾ ਕੀਤਾ।
ਸਟੈਂਡ ਤੋਂ ਫਿਰ ਸ਼ੋਰ ਉਠਿਆ, “ਸ਼ਾਹ,ਦੂਜੇ ਰਨ ਲਈ ਭਜ, ਸ਼ਾਹ ਭਜ, ਹੋਰ ਤੇਜ਼ ਸ਼ਾਹ!” ਆਪਣੇ ਸਾਹ ਤੇ ਕਾਬੂ ਪਾਉਂਦੇ ਸ਼ਾਹ ਨੇ ਦੂਜਾ ਰਨ ਵੀ ਪੂਰਾ ਕੀਤਾ। ਹਫਦਿਆਂ, ਲਿਸ਼ਕਾਰੇ ਮਾਰਦਿਆਂ ਉਸਨੇ ਦੂਜਾ ਰਨ ਵੀ ਪੂਰਾ ਕਰ ਲਿਆ। ਸ਼ਾਹ ਜਦੋਂ ਦੂਜਾ ਰਨ ਪੂਰਾ ਕਰ ਰਿਹਾ ਸੀ ਤਾਂ ਬਾਲ ਸੱਜੇ ਹੱਥ ਖੜੇ ਫੀਲਡਰ ਕੋਲ ਸੀ, ਇਹ ਠਿਗਣਾ ਜਿਹਾ ਮੁੰਡਾ ਆਪਣੀ ਟੀਮ ਵਿਚ ਸਭਤੋਂ ਛੋਟੀ ਉਮਰ ਤੇ ਕਦ ਦਾ ਸੀ। ਉਹਦੇ ਕੋਲ ਵੀ ਆਪਣੀ ਟੀਮ ਸਾਹਮਣੇ ਹੀਰੋ ਬਣਨ ਦਾ ਸੁਨਿਹਰੀ ਮੌਕਾ ਸੀ। ਉਹ ਬੜੇ ਅਰਾਮ ਨਾਲ ਸੈਕੰਡ ਬੇਸਮੈਂਨ ਕੋਲ ਟੈਗ ਲਈ ਬਾਲ ਨੂੰ ਸੁਟ ਸਕਦਾ ਸੀ ਪਰ ਉਹ ਵੀ ਪਿਚਰ ਦੀ ਭਾਵਨਾ ਨੂੰ ਸਮਝ ਚੁੱਕਾ ਸੀ ਤੇ ਉਸਨੇ ਵੀ ਬਾਲ ਤੀਸਰੇ ਬੇਸਮੈਨ ਦੇ ਸਿਰ ਦੇ ਉਪਰੋਂ ਸੁਟਿਆ। ਹੁਣ ਸ਼ਾਹ ਤੀਸਰੇ ਬੇਸ ਲਈ ਭਜ ਰਿਹਾ ਸੀ।
ਸਾਰੇ ਜੋਰ ਜੋਰ ਦੀ ਚੀਕ ਰਹੇ ਸਨ, ਸ਼ਾਹ, ਸ਼ਾਹ ,ਸ਼ਾਹ, ਸਾਰੇ ਰਾਹ ਸਾਡਾ ਸ਼ਾਹ। ਹੁਣ ਸ਼ਾਹ ਸਾਹੋ ਸਾਹੀ ਹੋਮ ਰਨ ਲਈ ਭਜ ਰਿਹਾ ਸੀ। ਸ਼ਾਹ ਦੀ ਟੀਮ ਗੇਮ ਜਿੱਤ ਚੁੱਕੀ ਸੀ, ਸ਼ਾਹ ਗਰਾਉਂਡ ਵਿਚ ਹੀਰੋ ਬਣਿਆ ਬਾਘੀਆਂ ਪਾ ਰਿਹਾ ਸੀ।
ਅਥਰੂਆਂ ਦੀਆ ਘਰਾਲਾਂ ਨੂੰ ਪੂੰਝਦੇ ਸ਼ਾਹ ਦੇ ਡੈਡ ਦੀ ਘਿੱਗੀ ਬਝ ਗਈ। ਦੋਵਾਂ ਟੀਮਾਂ ਦੇ ਮੁੰਡਿਆਂ ਨੇ ਇਨਸਾਨੀਅਤ ਦੀ ਸਹੀ ਤਸਵੀਰ ਪੇਸ਼ ਕਰਦਿਆ, ਇਹ ਦਸਿਆ ਕਿ ਪਿਆਰ ਹੁੰਦਾ ਕੀ ਹੈ, ਤੇ ਕਿੱਥੇ ਤੇ ਕਦੋਂ ਹੁੰਦਾ ਹੈ। ਸ਼ਾਹ ਅਗਲੀਆਂ ਗਰਮੀਆਂ ਵਿਚ ਇਹ ਕ੍ਰਿਸ਼ਮਾ ਨਹੀ ਕਰ ਸਕਿਆ, ਨਹੀ ਪੂਰਾ ਕਰ ਸਕਿਆ ਆਪਣਾ ਵਾਇਦਾ ਆਪਣੀ ਟੀਮ ਨਾਲ। ਸਰਦੀਆਂ ਵਿਚ ਹੀ ਉਸਦੀ ਮੌਤ ਹੋ ਗਈ ਸੀ। ਮੈਂ ਕਦੇ ਵੀ ਉਹ ਸ਼ਾਮ ਨਹੀ ਭੁਲ ਸਕਦਾ ਜਦੋਂ ਸ਼ਾਹ ਨੇ ਹੀਰੋ ਬਣਕੇ ਆਪਣੇ ਡੈਡ ਨੂੰ ਉਹ ਖੁਸ਼ੀ ਦਿੱਤੀ ਜੋ ਉਹਦੇ ਲਈ ਸਦੀਵੀ ਬਣ ਗਈ।
ਸ਼ਾਹ ਦੀ ਮੌਮ ਨੇ ਜਿੱਤੇ ਹੋਏ ਸ਼ਾਹ ਨੂੰ ਆਪਣੀਆਂ ਰੋਂਦੀਆਂ ਅੱਖਾਂ ਨਾਲ ਆਪਣੇ ਸੀਨੇ ਲਾਇਆ ਸੀ ਤਾਂ ਮੌਮ ਦੇ ਅਥਰੂਆਂ ਦੀ ਭਾਸ਼ਾ ਸਮਝ ਨਹੀ ਆਈ, ਇਹ ਜਿੱਤ ਦੇ ਅਹਿਸਾਸੀ ਅਥਰੂ ਸਨ ਜਾਂ ਵਿਚਾਰਗੀ ਦੇ। ਖੈਰ ਸਾਰੀ ਜ਼ਿੰਦਗੀ ਪਈ ਹੈ ਇਹ ਜਾਨਣ ਲਈ।
ਆਪਣੀ ਹੀ ਲਿਖੀ ਹੋਈ ਇਬਾਰਤ ਪੜ੍ਹਕੇ ਮੈ ਵੀ ਤੇ ਰੋ ਰਿਹਾ ਹਾਂ। ਸਤਰ ਪਲੱਸ ਵਿਅਕਤੀ ਕੋਈ ਬੁੱਢਾ ਤੇ ਨਹੀ ਹੋਇਆ ਹੁੰਦਾ। ਸੰਵੇਦਨਾ ਤੇ ਇੱਕ ਠੰਡੀ ਹਵਾ ਦਾ ਬੁਲਾ ਹੈ। ਹਰ ਕੋਈ ਲੁਟ ਸਕਦਾ ਹੈ।