04/09/2026
ਪ੍ਰੈਸ ਨੋਟ
ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਪਿੰਡ ਸ਼ੇਰੋਂ ਦੇ ਨੌਜਵਾਨ 'ਤੇ ਹੋਏ ਪੁਲਿਸ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ;
ਉੱਚ-ਪੱਧਰੀ ਨਿਰਪੱਖ ਜਾਂਚ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ: ਸਤਨਾਮ ਸਿੰਘ ਪੰਨੂ
—-------
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਅਤੇ ਜ਼ਿਲ੍ਹਾ ਆਗੂ ਸਵਰਨ ਸਿੰਘ ਢੰਗਰਾਲੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ 'ਲੋਕ ਮਿਲਣੀਆਂ' ਦੇ ਨਾਂ ਹੇਠ ਚੱਲ ਰਹੇ ਪ੍ਰੋਗਰਾਮਾਂ ਨੂੰ ਮਹਿਜ਼ ਇੱਕ ਨਾਟਕ ਅਤੇ ਪੁਲਿਸ ਰਾਜ ਦਾ ਪ੍ਰਤੀਕ ਕਰਾਰ ਦਿੱਤਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਬਣਾਏ ਜਾ ਰਹੇ ਨੈਰੇਟਿਵ ਦੇ ਉਲਟ ਇਨ੍ਹਾਂ ਮੀਟਿੰਗਾਂ ਵਿੱਚ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਆਪਣੇ ਦੁੱਖ-ਦਰਦ ਜਾਂ ਮੰਗਾਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਸਗੋਂ ਸਖ਼ਤ ਪੁਲਿਸ ਪਹਿਰੇ ਹੇਠ ਸਖਤ ਬੈਰੀਕੇਡਿੰਗ ਕਰਕੇ ਲੋਕ ਮਿਲਣੀ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਵਿਖੇ ਮੁੱਖ ਮੰਤਰੀ ਦੀ 'ਲੋਕ ਮਿਲਣੀ' ਦੌਰਾਨ ਉਸੇ ਪਿੰਡ ਦੇ ਨੌਜਵਾਨ ਮੋਹਣਜੀਤ ਸਿੰਘ (ਜੋ ਕਿ ਇੱਕ ਅੰਮ੍ਰਿਤਧਾਰੀ ਸਿੱਖ ਹੈ) ਨੇ ਕੋਠੇ 'ਤੇ ਚੜ੍ਹ ਕੇ ਕਾਲਾ ਝੰਡਾ ਵਿਖਾਇਆ ਅਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ। ਇਸ ਵਿਰੋਧ ਤੋਂ ਬਾਅਦ ਡੀ.ਐੱਸ.ਪੀ. ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਮੌਕੇ 'ਤੇ ਹੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਥਾਣਾ ਸੁਨਾਮ ਵਿਖੇ ਲੈ ਜਾ ਕੇ ਅਣਮਨੁੱਖੀ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ। ਨੌਜਵਾਨ ਦੇ ਸ਼ਰੀਰ 'ਤੇ ਚੋਟਾਂ ਮਾਰ ਕੇ ਲੂਣ ਭੁਕਿਆ ਗਿਆ, ਉਸ ਦੀ ਧਾਰਮਿਕ ਮਰਿਆਦਾ ਦੀ ਕੱਪੜੇ ਲਾਹ ਕੇ ਤੌਹੀਨ ਕੀਤੀ ਗਈ ਅਤੇ ਦਾੜ੍ਹੀ ਦੇ ਵਾਲ ਪੁੱਟੇ ਗਏ। ਦੋਸ਼ੀ ਪੁਲਿਸ ਕਰਮਚਾਰੀਆਂ ਦੇ ਉੱਤੇ ਧਾਰਮਿਕ ਚਿੰਨਾਂ ਦੀ ਬੇਅਦਬੀ ਕਰਨ ਵਰਗੇ ਕੇਸ ਵੀ ਦਰਜ ਹੋਣੇ ਚਾਹੀਦੇ ਹਨ। ਆਗੂਆਂ ਨੇ ਕਿਹਾ ਕਿ ਮੋਹਣਜੀਤ ਸਿੰਘ ਸ਼ੇਰੋ ਦਾ ਕੋਈ ਕਸੂਰ ਨਹੀਂ ਸੀ ਉਹ ਲੋਕ ਤਾਂਤਰਿਕ ਢੰਗ ਦੇ ਨਾਲ ਮੁੱਖ ਮੰਤਰੀ ਦੀ ਮਿਲਣੀ ਤੋਂ ਬਹੁਤ ਦੂਰ ਆਪਣਾ ਰੋਸ ਪ੍ਰਦਰਸ਼ਨ ਕਰ ਰਿਹਾ ਸੀ ਤੇ ਉਸ ਨੇ ਨਾ ਤਾਂ ਕਿਸੇ ਮੀਟਿੰਗ ਵਿੱਚ ਕਲਰ ਪਾਇਆ ਨਾ ਹੀ ਕੋਈ ਸੜਕ ਉੱਤੇ ਜਾਂਦੀ ਮੁੱਖ ਮੰਤਰੀ ਦੇ ਕਾਫਲੇ ਨੂੰ ਰੋਕਣਾ ਦਾ ਯਤਨ ਕੀਤਾ ਫਿਰ ਵੀ ਉਸ ਉੱਤੇ ਜ਼ੁਲਮ ਕਰਨਾ ਇਹ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਜਾਲਮਾਨਾ ਬਿਰਤੀ ਦਾ ਪ੍ਰਗਟਾਵਾ ਹੈ। ਲੋਕਾਂ ਕੋਲੋਂ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੇ ਜਮੂਰੀਆਤ ਹੱਕਾਂ ਨੂੰ ਖੋਹਣਾ ਇਸ ਸਰਕਾਰ ਦੀ ਹੋਰ ਧੱਕੇਸ਼ਾਹੀ ਹੈ।
ਘਟਨਾ ਦੀ ਨਿਸ਼ਾਨਦੇਹੀ ਕਰਦਿਆਂ ਮੰਗ ਕੀਤੀ ਜਾਂਦੀ ਹੈ ਕਿ ਇੱਕ ਉੱਚ-ਪੱਧਰੀ ਸੁਤੰਤਰ ਜਾਂਚ ਟੀਮ (ਜਾਂਚ ਕਮੇਟੀ) ਬਣਾਈ ਜਾਵੇ ਤਾਂ ਜੋ ਦੋਸ਼ੀ ਪੁਲਿਸ ਅਧਿਕਾਰੀਆਂ 'ਤੇ ਬਣਦੀ ਕਾਰਵਾਈ ਹੋ ਸਕੇ।
ਸਤਨਾਮ ਸਿੰਘ ਪੰਨੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਕੀਲਾਂ, ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਜਕਰਤਾਵਾਂ 'ਤੇ ਝੂਠੇ ਪਰਚੇ ਦਰਜ ਕਰਕੇ ਕੀਤੀ ਜਾ ਰਹੀ 'ਜੁਬਾਨਬੰਦੀ' ਨੂੰ ਤੁਰੰਤ ਬੰਦ ਕੀਤਾ ਜਾਵੇ। ਉਨਾਂ ਨੇ ਅੱਗੇ ਕਿਹਾ ਕਿ ਇਹ ਸਰਕਾਰ ਨੇ ਕਿਸਾਨ ਨੂੰ ਵੀ ਕੁੱਟਿਆ ਉਹਨਾਂ ਦਾ ਟਰਾਲੀਆਂ ਸਮੇਤ ਕਰੋੜਾਂ ਰੁਪਏ ਦਾ ਸਮਾਨ ਮੋਰਚਿਆਂ ਤੋਂ ਲੁੱਟ ਲਿਆ ਹੈ। ਇਸੇ ਤਰ੍ਹਾਂ ਨਿਰਦਈ ਬਤੀਰਾ ਅਖਤਿਆਰ ਕਰਦੇ ਹੋਏ ਨੌਕਰੀਆਂ ਮੰਗਦੇ ਜਵਾਨਾਂ ਤੇ ਮੁਟਿਆਰਾਂ ਦੀਆਂ ਪੱਗਾਂ ਤੇ ਚੁੰਨੀਆਂ ਵੀ ਲਾਹੀਆਂ ਤੇ ਉਹਨਾਂ ਉੱਤੇ ਲਾਠੀ ਚਾਰਜ ਕੀਤੇ।ਇਸ ਸਰਕਾਰ ਨੇ ਮਨਰੇਗਾ ਵਰਕਰਾਂ ਨੂੰ ਖੰਨੇ ਦੇ ਵਿੱਚ ਲਹੂ ਲਿਹਾਣ ਕੀਤਾ। ਆਪਣੇ ਹੱਕਾਂ ਦੇ ਲਈ ਸਫਾਈ ਸੇਵਕਾਂ ਵੱਲੋਂ ਕੀਤੇ ਰੋਸ ਪ੍ਰਦਰਸ਼ਨ ਦੇ ਦੌਰਾਨ ਬਿਰਧ ਮਾਤਾਵਾਂ ਦੇ ਸਿਰ ਪਾੜ ਕੇ ਉਹਨਾਂ ਨੂੰ ਲਹੂ ਲੁਹਾਨ ਕੀਤਾ। ਜੋ ਇਹ ਦਰਸਾਉਂਦਾ ਹੈ ਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਨਹੀਂ ਹੈ।ਇਹ ਲੋਕ ਵਿਰੋਧੀ ਤੇ ਜਾਲਮ ਸਰਕਾਰ ਹੋ ਨਿਬੜੀ ਹੈ।
ਜਥੇਬੰਦੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂਆਂ ਅਤੇ ਦੇਸ਼ ਭਗਤਾਂ ਦੇ ਵਿਰਸੇ 'ਤੇ ਪਹਿਰਾ ਦਿੰਦੇ ਹੋਏ ਜਬਰ-ਜ਼ੁਲਮ ਵਿਰੁੱਧ ਡਟਣ, ਚੱਲ ਰਹੇ ਸੰਘਰਸ਼ਾਂ ਵਿੱਚ ਸ਼ਾਮਲ ਹੋਣ ਅਤੇ ਜਿੱਥੇ ਵੀ ਮੁੱਖ ਮੰਤਰੀ ਆਉਣ, ਉੱਥੇ ਬਿਨਾਂ ਡਰੇ ਆਪਣੇ ਹੱਕੀ ਸਵਾਲ ਪੁੱਛਣ।