03/08/2016
ਸਤਿਕਾਰ ਦੇ ਨਾਂ 'ਤੇ
ਲ਼ੁਧਿਆਣੇ ਦੇ ਸੀ. ਐਮ. ਸੀ. ਹਸਪਤਾਲ ਵਿੱਚ ਕਈ ਵਾਰ ਜਾਣ ਦਾ ਮੌਕਾ ਬਣਿਆ ਹੈ। ਉਸ ਦੇ ਬਾਹਰਲੇ ਗੇਟ ਤੋਂ ਲੈ ਕੇ ਅੰਦਰਲੇ ਕਮਰਿਆਂ ਤੀਕ ਬਾਈਬਲ ਤੇ ਉਸ ਨਾਲ ਸਬੰਧਿਤ ਪੁਸਤਕਾਂ ਪਈਆਂ ਹੋਈਆਂ ਸਾਨੂੰ ਮਿਲਣਗੀਆਂ। ਉਹਨਾਂ ਦਾ ਖ਼ਿਆਲ ਹੈ ਕਿ ਜੇ ਕਰ ਕੋਈ ਬਾਈਬਲ ਨੂੰ ਪੜ੍ਹੇਗਾ ਤਾਂ ਹੀ ਉਸ ਦੀ ਕੋਈ ਜਾਣਕਾਰੀ ਹਾਸਲ ਕਰ ਸਕਦਾ ਹੈ। ਇੰਗਲੈਂਡ ਦੇ ਇੱਕ ਗੁਰਦੁਆਰਾ ਵਿੱਚ ਇੱਕ ਬੱਚੇ ਪਾਸੋਂ ਗੁਟਕਾ ਇਸ ਲਈ ਲੈ ਲਿਆ ਗਿਆ ਕਿ ਉਸ ਬੱਚੇ ਨੇ ਗੁਟਕੇ ਦੇ ਹੇਠਾਂ ਜਨੀ ਕਿ ਹੱਥਾਂ ਦੇ ਉੱਪਰ ਰੁਮਾਲ ਨਹੀਂ ਰੱਖਿਆ ਹੋਇਆ ਸੀ। ਨੰਗੇ ਹੱਥਾਂ ਨਾਲ ਗੁਟਕੇ ਤੋਂ ਪਾਠ ਕਰ ਰਿਹਾ ਸੀ। ਦੂਸਰੇ ਗੁਰਦੁਆਰਾ ਸਾਹਿਬ ਵਿੱਚ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕ ਮਾਤਾ ਨੇ ਲੰਬੇ ਚੋਲ਼ੇ ਵਾਲ਼ੇ ਗ੍ਰੰਥੀ ਪਾਸੋਂ ਗੁਟਕਾ ਮੰਗਿਆ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਅੱਗੋਂ ਭਾਈ ਉੱਖੜੀ ਕੁਹਾੜੀ ਵਾਂਗ ਪੈਂਦਿਆਂ ਕਿਹਾ, ਕਿ ‘ਮਾਈ ਤੂੰ ਕੇਸੀ ਇਸ਼ਨਾਨ ਕੀਤਾ ਹੈ’? ਸੈਲ-ਸਟਾਰਟ ਤੇ ਨਾਨ-ਸਟਾਪ ਗੱਡੀ ਵਾਂਗ ਇਕੋ ਦਾਹੇ ਲੈਕਚਰ ਦੇਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਵੱਡੇ ਬ੍ਰਹਮ ਗਿਆਨੀ ਜਿੰਨ੍ਹਾ ਨੇ ਵੇਦ ਸ਼ਾਸਤਰ ਪੜ੍ਹੇ ਹੋਏ ਸਨ, ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਹੈ ਓਦੋਂ ਸਣੇ ਕੇਸੀ ਇਸ਼ਨਾਨ ਕਰਕੇ ਹੀ ਕਰਨਾ ਹੈ, ਨਹੀਂ ਤਾਂ ਗੁਰਬਾਣੀ ਦਾ ਫ਼ਲ਼ ਨਹੀਂ ਮਿਲੇਗਾ।
ਯੂ. ਕੇ. ਦੇ ਇੱਕ ਗੁਰਦੁਆਰੇ ਦੀ ਲਾਇਬ੍ਰੇਰੀ ਦੇ ਇੰਚਾਰਜ ਨੇ ਕਲ੍ਹ ਹੀ ਗੱਲ ਸੁਣਾਈ ਜੋ ਉਸ ਨਾਲ ਪਿੱਛਲੇ ਹਫ਼ਤੇ ਹੀ ਵਾਪਰੀ ਸੀ। ਕਹਿੰਦੇ, "ਲਾਇਬ੍ਰੇਰੀ ਵਿੱਚ ਇੱਕ ਉਹ ਸੱਜਣ ਆਏ ਜੋ ਜਲੂਸ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋ ਕੇ ਨੰਗੇ ਪੈਰੀਂ ਚੱਲਣ ਵਾਲਿਆਂ ਵਿੱਚ ਮੋਹਰੀ ਹੁੰਦੇ ਹਨ। ਮੈਂ ਸੁਭਾਵਕ ਹੀ ਪੁੱਛ ਲਿਆ ਕਿ ਜੀ ਮੈਂ ਤੁਹਾਡੀ ਕੀ ਸੇਵਾ ਕਰਾਂ"। ਭਰਿਆ ਪੀਤਾ ਉਹ ਸਖੱਸ਼ ਕਹਿਣ ਲੱਗਾ, "ਤੂੰ ਮੇਰੀ ਕੀ ਸੇਵਾ ਕਰੇਂਗਾ ਓਏ? ਤੇਰੇ ਪਾਸ ਹੈ ਹੀ ਕੀ ਮੈਨੂੰ ਦੇਣ ਲਈ? ਮੈਂ ਤੇ ਇਹ ਦੇਖ ਰਿਹਾਂ ਹਾਂ ਕਿ ਜਿੰਨ੍ਹਾ ਪੁਸਤਕਾਂ ਵਿੱਚ ਗੁਰਬਾਣੀ ਲਿਖੀ ਹੋਈ ਹੈ ਉਹਨਾਂ `ਤੇ ਰੁਮਾਲ ਕਿਉਂ ਨਹੀਂ ਪਾਏ" ? ਕੀ ਇਹ ਸਤਿਕਾਰ ਦੇ ਨਾਂ `ਤੇ ਵਾਲ ਤੋਂ ਛਿੱਲ ਤਾਂ ਨਹੀਂ ਲਾਹੀ ਜਾ ਰਹੀ? ਹਾਂ ਪੋਥੀਆਂ ਤਥਾ ਸਾਰੀਆਂ ਹੀ ਪੁਸਤਕਾਂ ਦੀ ਸੇਵਾ ਸੰਭਾਲ਼ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਉਮਰ ਲੰਬੀ ਹੋ ਸਕੇ।(ਗੁਰਬਚਨ ਸਿੰਘ ਪੰਨਵਾਂ )