Inderjeet Singh Harpura

Inderjeet Singh Harpura ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ।।
(2)

"ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ" ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ...
17/08/2026

"ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪਰ ਮਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ"

ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ (1883–1909) ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ਮੌਕੇ ਸਿਜ਼ਦਾ

ਮਦਨ ਲਾਲ ਢੀਂਗਰਾ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਇੱਕ ਮਹਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਹਕੂਮਤ ਵਿਰੁੱਧ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਹ ਭਾਰਤੀ ਆਜ਼ਾਦੀ ਅੰਦੋਲਨ ਦੇ ਉਨ੍ਹਾਂ ਪਹਿਲੇ ਕ੍ਰਾਂਤੀਕਾਰੀਆਂ ਵਿੱਚੋਂ ਸਨ, ਜਿਨ੍ਹਾਂ ਨੂੰ ਬ੍ਰਿਟਿਸ਼ ਧਰਤੀ 'ਤੇ ਫਾਂਸੀ ਦਿੱਤੀ ਗਈ।
1 ਜੁਲਾਈ 1909 ਨੂੰ ਲੰਡਨ ਦੇ ਇੰਪੀਰੀਅਲ ਇੰਸਟੀਚਿਊਟ ਵਿਖੇ ਇੱਕ ਜਨਤਕ ਸਮਾਗਮ ਦੌਰਾਨ ਮਦਨ ਲਾਲ ਢੀਂਗਰਾ ਨੇ ਬ੍ਰਿਟਿਸ਼ ਅਧਿਕਾਰੀ ਸਰ ਵਿਲੀਅਮ ਹੱਟ ਕਰਜ਼ਨ ਵਾਇਲੀ ਨੂੰ ਗੋਲੀ ਮਾਰ ਦਿੱਤੀ। ਢੀਂਗਰਾ ਬ੍ਰਿਟਿਸ਼ ਹਕੂਮਤ ਵੱਲੋਂ ਭਾਰਤੀ ਵਿਦਿਆਰਥੀਆਂ 'ਤੇ ਕੀਤੇ ਜਾਂਦੇ ਦਮਨ ਅਤੇ ਨਿਗਰਾਨੀ ਨੂੰ ਆਜ਼ਾਦੀ ਦੀ ਲੜਾਈ ਲਈ ਗੰਭੀਰ ਖ਼ਤਰਾ ਮੰਨਦੇ ਸਨ।

ਅਦਾਲਤ ਵਿੱਚ ਵੀ ਉਨ੍ਹਾਂ ਨੇ ਬ੍ਰਿਟਿਸ਼ ਨਿਆਂ ਪ੍ਰਣਾਲੀ ਦੇ ਅਧਿਕਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਕ੍ਰਾਂਤੀਕਾਰੀ ਕਦਮ ਨੂੰ ਭਾਰਤੀ ਨੌਜਵਾਨਾਂ ਨਾਲ ਹੋ ਰਹੇ ਅਮਾਨਵੀ ਵਿਵਹਾਰ ਵਿਰੁੱਧ ਵਿਰੋਧ ਵਜੋਂ ਦਰਸਾਇਆ। ਉਨ੍ਹਾਂ ਨੇ ਆਪਣੀ ਕਾਨੂੰਨੀ ਪੈਰਵੀ ਕਰਵਾਉਣ ਤੋਂ ਵੀ ਇਨਕਾਰ ਕਰ ਦਿੱਤਾ।

17 ਅਗਸਤ 1909 ਨੂੰ ਮਦਨ ਲਾਲ ਢੀਂਗਰਾ ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਉਨ੍ਹਾਂ ਦੀ ਸ਼ਹਾਦਤ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸਦਾ ਪ੍ਰੇਰਣਾ ਦਾ ਸਰੋਤ ਬਣੀ ਰਹੇਗੀ।

ਮਹਾਨ ਕ੍ਰਾਂਤੀਕਾਰੀ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਕੋਟਿ-ਕੋਟਿ ਨਮਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।

ਆਓ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖੀਏ।

-ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫਸਰ,
ਅੰਮ੍ਰਿਤਸਰ।

1947 ਦੀ ਵੰਡ ਦਾ ਖੂਨੀ ਪੰਨਾ - ਸਾਕਾ ਭੁਲੇਰ (ਚੱਕ ਨੰਬਰ-119)ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ ਦੁਵਾਰ ਰਾਹੀਂ ਜਦੋਂ ਅਸੀਂ ਪਾਵਨ...
14/08/2026

1947 ਦੀ ਵੰਡ ਦਾ ਖੂਨੀ ਪੰਨਾ - ਸਾਕਾ ਭੁਲੇਰ (ਚੱਕ ਨੰਬਰ-119)

ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪ੍ਰਵੇਸ ਦੁਵਾਰ ਰਾਹੀਂ ਜਦੋਂ ਅਸੀਂ ਪਾਵਨ ਅਸਥਾਨ ਵਿੱਚ ਦਾਖਲ ਹੁੰਦੇ ਹਾਂ ਤਾਂ ਪੌੜੀਆਂ ਉਤਰਦੇ ਹੀ ਬਰਾਂਡੇ ਵਿੱਚ ਇੱਕ ਪੱਥਰ ਦੀ ਵੱਡੀ ਸਾਰੀ ਸਿੱਲ ਲੱਗੀ ਹੋਈ ਹੈ ਜਿਸ ਉੱਪਰ ’ਸਾਕਾ ਭੁਲੇਰ’ ਦੇ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਸ ਸਿੱਲ ਕੋਲੋਂ ਲੰਘਦੀ ਹੈ ਪਰ ਸ਼ਾਇਦ ਹੀ ਕਦੀ ਕਿਸੇ ਨੇ ਉਸ ਸਾਕੇ ਦੇ ਸ਼ਹੀਦਾਂ ਦੇ ਨਾਮ ਪੜੇ ਹੋਣ ਜਾਂ ਉਸ ਸਾਕੇ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਹੋਵੇ।

ਸਾਕਾ ਭੁਲੇਰ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰ ਦੇ ਚੱਕ ਨੰਬਰ 119 (ਪਿੰਡ ਭੁਲੇਰ) ਵਿਖੇ 31 ਅਗਸਤ 1947 ਨੂੰ ਵਾਪਰਿਆ ਇੱਕ ਅਜਿਹਾ ਖੂਨੀ ਸਾਕਾ ਸੀ ਜਿਸ ਵਿੱਚ ਹਜ਼ਾਰਾਂ ਮੁੱਤਸਬੀਆਂ ਦੀ ਭੀੜ ਦਾ ਸਿੱਖਾਂ ਨੇ ਬੜੀ ਬਹਾਦਰੀ ਨਾਲ ਟਾਕਰਾ ਕੀਤਾ ਸੀ ਅਤੇ ਇਸ ਦੌਰਾਨ 300 ਤੋਂ ਵੱਧ ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ ਸਨ। ਆਪਣੀ ਇੱਜ਼ਤ-ਪੱਤ ਨੂੰ ਬਚਾਉਣ ਲਈ ਸਿੱਖ ਔਰਤਾਂ ਤੇ ਨੌਜਵਾਨ ਕੁੜੀਆਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਅਤੇ ਜਦੋਂ ਖੂਹ ਵੀ ਲਾਸ਼ਾਂ ਨਾਲ ਭਰ ਗਿਆ ਤਾਂ ਨੌਜਵਾਨ ਧੀਆਂ ਨੇ ਆਪ ਆਪਣੇ ਬਾਪ-ਭਰਾਵਾਂ ਕੋਲੋਂ ਆਪਣੀਆਂ ਧੌਣਾਂ ਲੁਹਾ ਕੇ ਸ਼ਹੀਦੀਆਂ ਪਾ ਲਈਆਂ। ਸਾਕਾ ਭੁਲੇਰ 1947 ਦੀ ਵੰਡ ਦਾ ਉਹ ਖੂਨੀ ਦੁਖਾਂਤ ਹੈ ਜਿਸ ਵਰਗਾ ਸਾਕਾ ਸ਼ਾਇਦ ਹੀ ਕਿਤੇ ਹੋਰ ਵਾਪਰਿਆ ਹੋਵੇ।

ਸਾਕਾ ਭੁਲੇਰ ਵਿੱਚੋਂ ਬਚ ਕੇ ਆਏ ਪਰਿਵਾਰ ਬਟਾਲਾ ਸ਼ਹਿਰ ਵਿਖੇ ਅਬਾਦ ਹਨ ਅਤੇ ਉਸ ਸਾਕੇ ਨੂੰ ਆਪਣੀ ਅੱਖੀਂ ਦੇਖਣ ਵਾਲੇ ਬਾਪੂ ਪ੍ਰਿਥੀਪਾਲ ਸਿੰਘ ਅੱਜ ਵੀ ਜਦੋਂ ਸਾਕੇ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆਪ-ਮੁਹਾਰੇ ਨਿਕਲ ਤੁਰਦੇ ਹਨ। ਬਾਪੂ ਪ੍ਰਿਥੀਪਾਲ ਸਿੰਘ ਦੀ ਉਮਰ 1947 ਵਿੱਚ 13 ਸਾਲ ਦੀ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਮਾਂ ਮਹੰਤ ਕੌਰ ਨੇ ਆਪਣੀ ਇੱਜ਼ਤ ਬਚਾਉਣ ਖਾਤਰ ਖੂਹ ਵਿੱਚ ਛਾਲ ਮਾਰ ਦਿੱਤੀ ਸੀ। ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ 300 ਦੇ ਕਰੀਬ ਸ਼ਹੀਦੀਆਂ ਵਿੱਚੋਂ 200 ਦੇ ਕਰੀਬ ਸ਼ਹੀਦੀਆਂ ਤਾਂ ਔਰਤਾਂ ਤੇ ਨੌਜਵਾਨ ਕੁੜੀਆਂ ਦੀਆਂ ਹੀ ਸਨ।

ਸਾਕਾ ਭੁਲੇਰ ਦੇ ਅੱਖੀਂ ਦੇਖੇ ਖੂਨੀ ਵਰਤਾਰੇ ਨੂੰ ਬਿਆਨ ਕਰਦਿਆਂ ਬਾਪੂ ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਭੁਲੇਰ (ਚੱਕ ਨੰਬਰ-119) ਜ਼ਿਲ੍ਹਾ ਸ਼ੇਖੂਪੁਰਾ, ਸਾਂਗਲਾ ਹਿੱਲ ਦੇ ਨਜ਼ਦੀਕ ਸੀ। ਭੁਲੇਰ ਪਿੰਡ ਵਿੱਚ ਬਹੁ-ਗਿਣਤੀ ਸਿੱਖਾਂ ਦੀ ਸੀ ਅਤੇ ਸਾਰੇ ਹੀ ਸਿੱਖਾਂ ਦੀ ਬਹੁਤ ਜ਼ਮੀਨ ਸੀ ਅਤੇ ਇਲਾਕੇ ਵਿੱਚ ਸਿੱਖ ਸਰਦਾਰਾਂ ਦਾ ਨਾਮ ਸੀ। ਉਨ੍ਹਾਂ ਦੱਸਿਆ ਕਿ ਅਗਸਤ 1947 ਵਿੱਚ ਜਦੋਂ ਦੇਸ਼ ਦੀ ਵੰਡ ਦੀ ਚਰਚਾ ਪੂਰੇ ਜ਼ੋਰਾਂ ’ਤੇ ਸੀ ਤਾਂ ਮਾਸਟਰ ਤਾਰਾ ਸਿੰਘ ਉਨ੍ਹਾਂ ਦੇ ਪਿੰਡ ਆਏ ਅਤੇ ਉਨਾਂ ਨੂੰ ਕਿਹਾ ਕਿ ਸੀ ਉਹ ਆਪਣਾ ਪਿੰਡ ਨਾ ਛੱਡਣ ਅਤੇ ਨਾ ਹੀ ਅਸੀਂ ਨਨਕਾਣਾ ਸਾਹਿਬ ਆਪਣੇ ਹੱਥੋਂ ਜਾਣ ਦੇਣਾ ਹੈ।

14 ਅਗਸਤ 1947 ਨੂੰ ਪਾਕਿਸਤਾਨ ਨਾਮ ਦਾ ਨਵਾਂ ਦੇਸ਼ ਹੋਂਦ ਵਿੱਚ ਆ ਗਿਆ ਅਤੇ ਉਨ੍ਹਾਂ ਦਾ ਪਿੰਡ ਭੁਲੇਰ ਤੇ ਜ਼ਿਲ੍ਹਾ ਸ਼ੇਖੂਪੁਰ ਪਾਕਿਸਤਾਨ ਵਿੱਚ ਆ ਗਿਆ ਸੀ। ਪਿੰਡ ਭੁਲੇਰ ਦੇ ਸਿੱਖ ਇਹ ਸੋਚਦੇ ਰਹੇ ਕਿ ਹਕੂਮਤਾਂ ਹੀ ਬਦਲਦੀਆਂ ਹੁੰਦੀਆਂ ਹਨ ਕਦੀ ਲੋਕ ਵੀ ਆਪਣੇ ਘਰ ਛੱਡ ਕੇ ਕਿਤੇ ਜਾਂਦੇ ਹਨ? ਪਿੰਡ ਭੁਲੇਰ ਨੂੰ ਨਾ ਛੱਡਣ ਦਾ ਫੈਸਲਾ ਕਰਕੇ ਸਿੱਖ ਓਥੇ ਹੀ ਬੈਠੇ ਰਹੇ ਕਿ ਸ਼ਾਇਦ ਕੁਝ ਦਿਨਾਂ ਵਿੱਚ ਅਮਨ-ਅਮਾਨ ਹੋ ਜਾਵੇ।

ਓਧਰ ਹਰ ਪਾਸੇ ਵੱਢ-ਫੱਟ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਸਨ ਪਰ ਪਿੰਡ ਭੁਲੇਰ ਦੇ ਸਿੱਖ ਵਾਹਿਗੁਰੂ ਦੀ ਓਟ ਲੈ ਕੇ ਆਪਣੇ ਪਿੰਡ ਬੈਠੇ ਰਹੇ। ਭੁਲੇਰ ਦੇ ਆਸੇ-ਪਾਸੇ ਸਾਰੇ ਪਿੰਡ ਮੁਸਲਿਮ ਵਸੋਂ ਦੇ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਭੁਲੇਰੀਏ ਅਜੇ ਗਏ ਨਹੀਂ ਹਨ। ਉਨ੍ਹਾਂ ਦੀ ਅੱਖ ਪਿੰਡ ਭੁਲੇਰ ਦੇ ਮਾਲ-ਅਸਬਾਬ ’ਤੇ ਸੀ। ਸ਼ੁਰੂ ਵਿੱਚ ਨਾਲ ਦੇ ਪਿੰਡਾਂ ਦੇ ਮੁਸਲਮਾਨਾਂ ਵੱਲੋਂ ਲੁੱਟ-ਮਾਰ ਦੀਆਂ ਛੇੜਖਾਨੀਆਂ ਕੀਤੀਆਂ ਗਈਆਂ ਪਰ ਸਿੱਖਾਂ ਨੇ ਸਫਲ ਨਾ ਹੋਣ ਦਿੱਤੀਆਂ।

ਸਾਰੇ ਇਲਾਕੇ ਵਿੱਚ ਇਹ ਪ੍ਰਚਾਰ ਹੋਣ ਲੱਗਾ ਕਿ ਸਿੱਖਾਂ ਨੇ ਸਾਡਾ ਚੜ੍ਹਦੇ ਪੰਜਾਬ ਵਿੱਚ ਬਹੁਤ ਨੁਕਸਾਨ ਕੀਤਾ ਹੈ ਅਤੇ ਇਥੇ ਪਿੰਡ ਭੁਲੇਰ ਵਿੱਚ ਸਿੱਖ ਸੁਰੱਖਿਅਤ ਕਿਉਂ ਬੈਠੇ ਹਨ...? ਆਖਰ 31 ਅਗਸਤ ਨੂੰ ਆਲੇ-ਦੁਆਲੇ ਦੇ ਪਿੰਡਾਂ ਦਾ ਹਜ਼ਾਰਾਂ ਦੀ ਗਿਣਤੀ ਦਾ ਹਜ਼ੂਮ ਢੋਲ ਵਜਾਉਂਦਾ ਪਿੰਡ ਭੁਲੇਰ ’ਤੇ ਚੜ੍ਹ ਆਇਆ। ਸਿੱਖਾਂ ਨੂੰ ਅਜਿਹੀ ਅਣਹੋਣੀ ਦਾ ਪਹਿਲਾਂ ਹੀ ਖਦਸਾ ਸੀ ਸੋ ਉਨ੍ਹਾਂ ਨੇ ਆਪਣੀਆਂ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਇੱਕ ਘਰ ਵਿੱਚ ਇਕੱਠਿਆਂ ਕਰ ਲਿਆ ਅਤੇ ਆਪ ਪਿੰਡ ਦੇ ਸਾਰੇ ਪਾਸੇ ਮੋਰਚਾਬੰਦੀ ਕਰਕੇ ਬੈਠ ਗਏ। ਭੁਲੇਰ ਦੇ ਸਰਦਾਰਾਂ ਕੋਲ ਕੁਝ ਬੰਦੂਕਾਂ ਸਨ ਅਤੇ ਜਦੋਂ ਨੇੜੇ ਆਏ ਹਜ਼ੂਮ ਨੂੰ ਰੋਕਣ ਲਈ ਉਨ੍ਹਾਂ ਗੋਲੀ ਚਲਾਈ ਤਾਂ ਕੁਝ ਮੁਸਲਮਾਨ ਢੇਰ ਹੋ ਗਏ। ਹਮਲਾਵਰਾਂ ਕੋਲ ਵੀ ਬੰਦੂਕਾਂ ਸਨ ਸੋ ਉਨ੍ਹਾਂ ਨੇ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਿੱਖਾਂ ਕੋਲ ਹਥਿਆਰ ਤੇ ਗੋਲੀ ਸਿੱਕਾ ਸੀਮਤ ਸੀ ਸੋ ਉਹ ਬੜੇ ਸੰਜਮ ਨਾਲ ਗੋਲੀ ਚਲਾਉਂਦੇ ਤਾਂ ਜੋ ਵੱਧ ਤੋਂ ਵੱਧ ਸਮਾਂ ਦੁਸ਼ਮਣ ਅੱਗੇ ਅੜ੍ਹ ਸਕੀਏ ਅਤੇ ਸ਼ਾਇਦ ਓਦੋਂ ਤੱਕ ਕਿਸੇ ਪਾਸਿਓਂ ਕੋਈ ਮਦਦ ਆ ਜਾਵੇ। ਆਖਰ ਹਜ਼ੂਮ ਹੱਲੇ ਕਰ-ਕਰ ਅੱਗੇ ਵੱਧਣ ਲੱਗਾ ਅਤੇ ਹਜ਼ਾਰਾਂ ਦੀ ਭੀੜ ਅੱਗੇ 100 ਕੁ ਸਿੱਖ ਜਵਾਨਾਂ ਦੀ ਕੋਈ ਪੇਸ਼ ਨਾ ਚੱਲੀ। ਹੁਣ ਹੱਥੋ-ਹੱਥ ਦੀ ਲੜਾਈ ਵਿੱਚ ਵੀ ਸਿੱਖਾਂ ਨੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਜਦੋਂ ਬੇਵਾਹੀ ਹੁੰਦੀ ਦੇਖੀ ਤਾਂ ਸਿੱਖ ਬੀਬੀਆਂ ਅਤੇ ਨੌਜਵਾਨ ਮੁਟਿਆਰਾਂ ਨੇ ਆਪਣੀ ਇੱਜ਼ਤ ਬਚਾਉਣ ਲਈ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ। ਆਖਰ ਖੂਹ ਦਾ ਤਲ ਵੀ ਜਦੋਂ ਲਾਸ਼ਾਂ ਨਾਲ ਭਰ ਗਿਆ ਤਾਂ ਸਿੱਖ ਬੀਬੀਆਂ ਨੇ ਆਪਣੇ ਬਾਪ ਤੇ ਭਰਾਵਾਂ ਨੂੰ ਕਿਹਾ ਕਿ ਸਾਡੀ ਧੌਣ ਵੱਢ ਕੇ ਸਾਨੂੰ ਸ਼ਹੀਦ ਕਰ ਦੇਵੋ ਪਰ ਸਾਨੂੰ ਬੇਇਜ਼ਤ ਹੋਣ ਲਈ ਜ਼ਿੰਦਾ ਨਾ ਰਹਿਣ ਦੇਣਾ। ਪ੍ਰਿਥੀਪਾਲ ਸਿੰਘ ਦੱਸਦੇ ਹਨ ਕਿ ਜਿਸ ਘਰ ਵਿੱਚ ਔਰਤਾਂ ਤੇ ਬੱਚੇ ਇਕੱਠੇ ਹੋਏ ਸਨ ਓਥੇ ਬਹੁਤ ਸਾਰੀਆਂ ਸਿੱਖ ਬੀਬੀਆਂ ਨੇ ਬੜੀ ਬਹਾਦਰੀ ਨਾਲ ਖੁਦ ਆਪਣੀਆਂ ਧੌਣਾਂ ਕਲਮ ਕਰਵਾ ਲਈਆਂ, ਹਰ ਪਾਸੇ ਖੂਨ ਹੀ ਖੂਨ ਸੀ ਅਤੇ ਉਹ ਭਿਆਨਕ ਸਮਾਂ ਮੈਂ ਕਦੀ ਨਹੀਂ ਭੁੱਲ ਸਕਦਾ।

ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਅਖੀਰ ਧਾੜਵੀਆਂ ਦਾ ਹਜ਼ੂਮ ਹਾਵੀ ਹੋ ਗਿਆ ਅਤੇ ਉਨ੍ਹਾਂ ਪਿੰਡ ਦੇ ਘਰਾਂ ਵਿੱਚ ਵੜ ਕੇ ਲੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਅਗਲੇ ਦਿਨ ਸਿੱਖਾਂ ਦਾ ਇੱਕ ਜਥਾ ਭੁਲੇਰੀਆਂ ਦੀ ਮਦਦ ਲਈ ਪੁੱਜਾ ਅਤੇ ਜਦੋਂ ਸਿੱਖਾਂ ਨੇ ਜੈਕਾਰੇ ਗਜਾਏ ਤਾਂ ਸਭ ਧਾੜਵੀ ਓਥੋਂ ਭੱਜ ਗਏ। ਜਥੇ ਨੇ ਤੁਰੰਤ ਜ਼ਖਮੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰ ਬਹੁਤ ਥੋੜੇ ਲੋਕ ਇਸ ਸਾਕੇ ਵਿੱਚ ਬਚੇ ਸਨ।

ਅਖੀਰ ਵਿੱਚ ਬਚ ਗਏ ਭੁਲੇਰ ਵਾਸੀਆਂ ਨੂੰ ਅੰਮ੍ਰਿਤਸਰ ਦੇ ਸ਼ਰਨਾਰਥੀ ਕੈਂਪ ਵਿੱਚ ਪਹੁੰਚਾਇਆ ਗਿਆ ਜਿਥੇ ਮਾਸਟਰ ਤਾਰਾ ਸਿੰਘ ਉਨ੍ਹਾਂ ਦਾ ਪਤਾ ਲੈਣ ਆਏ। ਮਾਸਟਰ ਤਾਰਾ ਸਿੰਘ ਨੇ ਹਿੰਦ ਹਕੂਮਤ ਨੂੰ ਕਿਹਾ ਕਿ ਭੁਲੇਰ ਵਾਸੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਲਈ ਇਨ੍ਹਾਂ ਦੇ ਮੁੜ-ਵਸੇਬੇ ਦਾ ਸਭ ਤੋਂ ਪਹਿਲਾਂ ਪ੍ਰਬੰਧ ਕੀਤਾ ਜਾਵੇ। ਆਖਰ ਹਕੂਮਤ ਨੇ ਉਜਾੜੇ ਦੇ ਮਾਰੇ ਭੁਲੇਰੀਆਂ ਨੂੰ ਬਟਾਲਾ ਸ਼ਹਿਰ ਅਤੇ ਇਸਦੇ ਨਾਲ ਲੱਗਦੇ ਪਿੰਡਾਂ ਵਿੱਚ ਮੁਸਲਮਾਨਾਂ ਦੀਆਂ ਜ਼ਮੀਨਾਂ ਅਲਾਟ ਕੀਤੀਆਂ।

ਭੁਲੇਰ ਵਾਸੀ ਅੱਜ ਬਟਾਲਾ ਵਿੱਚ ਚੰਗੀ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਉਹ ਕਦੀ ਵੀ 1947 ਦੇ ਸਾਕੇ ਨੂੰ ਭੁੱਲੇ ਨਹੀਂ। ਭੁਲੇਰੀਆਂ ਨੇ ਬਟਾਲਾ ਸ਼ਹਿਰ ਵਿੱਚ ਹਾਥੀ ਗੇਟ ਦੇ ਅੰਦਰਵਾਰ ਅਤੇ ਇੱਕ ਨਵੀਂ ਯਾਦਗਾਰ ਹਾਥੀ ਗੇਟ ਦੇ ਬਾਹਰਵਾਰ ਸਾਕਾ ਭੁਲੇਰ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ ਹੈ ਜਿਥੇ ਹਰ ਸਾਲ 31 ਅਗਸਤ ਨੂੰ ਸ਼ਹੀਦਾਂ ਦੀ ਯਾਦ ਮਨਾਉਂਦੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਪ੍ਰਵੇਸ਼ ਦੁਆਰ ਦੇ ਅੰਦਰ ਵੀ ਸਾਕਾ ਭੁਲੇਰ ਦੇ ਕੁਝ ਸ਼ਹੀਦਾਂ ਦੇ ਨਾਮ ਉਕਰੇ ਹੋਏ ਹਨ।

ਬਾਪੂ ਪ੍ਰਿਥੀਪਾਲ ਸਿੰਘ ਦਾ ਕਹਿਣਾ ਹੈ ਕਿ ਸੰਨ 1947 ਵਿੱਚ ਅਸੀਂ ਤਾਂ ਆਪਣਾ ਸਭ ਕੁਝ ਹੀ ਗਵਾ ਲਿਆ। ਆਪਣੇ ਜੀਅ, ਧਨ ਦੌਲਤ, ਜ਼ਮੀਨਾਂ। ਇਸ ਸਾਕੇ ਵਿੱਚ ਤਾਂ ਕਈ ਪੂਰੇ ਦੇ ਪੂਰੇ ਪਰਿਵਾਰ ਹੀ ਖਤਮ ਹੋ ਗਏ।

ਬਾਪੂ ਪ੍ਰਿਥੀਪਾਲ ਸਿੰਘ ਕਹਿੰਦੇ ਹਨ ਕਿ ਅੱਜ ਦੀ ਪੀੜ੍ਹੀ ਨੂੰ 1947 ਦੇ ਜ਼ਖਮ ਦਾ ਨਹੀਂ ਪਤਾ ਪਰ ਉਹ ਕਿਨ੍ਹਾਂ ਭਿਆਨਕ ਸਮਾਂ ਸੀ ਉਹ ਅਸੀਂ ਜਾਂ ਸਾਡੇ ਵਰਗੇ ਹੋਰ ਲੋਕ ਜਿਨ੍ਹਾਂ ਨੇ ਆਪਣੇ ਜੀਅ ਇਸ ਰੌਲੇ ਵਿੱਚ ਗੁਆਏ ਸਨ ਉਨ੍ਹਾਂ ਤੋਂ ਵੱਧ ਕੋਈ ਨਹੀਂ ਜਾਣਦਾ। ਇਨ੍ਹਾਂ ਕਹਿੰਦੇ-ਕਹਿੰਦੇ ਬਾਪੂ ਪ੍ਰਿਥੀਪਾਲ ਸਿੰਘ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰਦੇ ਹਨ ਅਤੇ ਜ਼ਬਾਨ ਖਾਮੋਸ਼ ਹੋ ਜਾਂਦੀ ਹੈ। ਉਸ ਦੁੱਖ ਭਰੀ ਦਾਸਤਾਨ ਨੂੰ ਬਿਾਅਨ ਕਰਨ ਲਈ ਸ਼ਾਇਦ ਸ਼ਬਦ ਹੈ ਵੀ ਨਹੀਂ।

ਇਸ ਸ਼ਹੀਦੀ ਸਾਕੇ ਬਾਰੇ ਜੇਕਰ ਹੋਰ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਡਾ. ਵਿਰਸਾ ਸਿੰਘ ਬਾਜਵਾ ਜਿਨ੍ਹਾਂ ਨੇ ਭੁਲੇਰ ਦੀ ਉਹ ਲੜਾਈ ਲੜੀ ਸੀ ਉਨ੍ਹਾਂ ਦੀ ਕਿਤਾਬ ‘ਸ਼ਹੀਦੀ ਸਾਕਾ ਭੁਲੇਰ’ ਪੜੀ ਜਾ ਸਕਦੀ ਹੈ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574

Attal Setu....Atal Setu in Basohli is a 592-metre-long cable-stayed bridge on the Ravi River in the Kathua district of J...
09/08/2026

Attal Setu....

Atal Setu in Basohli is a 592-metre-long cable-stayed bridge on the Ravi River in the Kathua district of Jammu and Kashmir. Opened on December 24, 2015, it is North India's first and the nation's fourth cable-stayed bridge, connecting Punjab, Jammu and Kashmir, and Himachal Pradesh.

Key Facts About Atal Setu: Spans the Ravi River between Basohli (Jammu & Kashmir) and Dunera (Punjab).Length: 592 metres (1,942 ft).Inauguration Date: December 24, 2015.

Significance: Improves interstate connectivity, boosts regional tourism, and holds strategic defense value.Design & Build: Approved by IIT Delhi, designed by Canadian consultants, and constructed by the Border Roads Organisation (BRO) along with SP Singla Constructions.

ਅਟਲ ਸੇਤੂ...

ਬਸੋਹਲੀ ਵਿਖੇ ਅਟਲ ਸੇਤੂ ਰਾਵੀ ਦਰਿਆ ਉੱਤੇ ਬਣਿਆ 592 ਮੀਟਰ ਲੰਬਾ ਕੇਬਲ-ਸਟੇਡ ਪੁਲ ਹੈ, ਜੋ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਸਥਿਤ ਹੈ। ਇਸ ਪੁਲ ਦਾ ਉਦਘਾਟਨ 24 ਦਸੰਬਰ 2015 ਨੂੰ ਕੀਤਾ ਗਿਆ ਸੀ। ਇਹ ਉੱਤਰੀ ਭਾਰਤ ਦਾ ਪਹਿਲਾ ਅਤੇ ਦੇਸ਼ ਦਾ ਚੌਥਾ ਕੇਬਲ-ਸਟੇਡ ਪੁਲ ਹੈ। ਇਹ ਪੁਲ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਆਵਾਜਾਈ ਸੰਪਰਕ ਨੂੰ ਮਜ਼ਬੂਤ ਕਰਦਾ ਹੈ।

ਅਟਲ ਸੇਤੂ ਬਾਰੇ ਮੁੱਖ ਤੱਥ....

ਸਥਾਨ: ਰਾਵੀ ਦਰਿਆ ਉੱਤੇ ਬਸੋਹਲੀ (ਜੰਮੂ-ਕਸ਼ਮੀਰ) ਅਤੇ ਡੁਨੇਰਾ (ਪੰਜਾਬ) ਨੂੰ ਜੋੜਦਾ ਹੈ।
ਲੰਬਾਈ: 592 ਮੀਟਰ (1,942 ਫੁੱਟ)
ਉਦਘਾਟਨ ਦੀ ਮਿਤੀ: 24 ਦਸੰਬਰ 2015

ਮਹੱਤਤਾ: ਇਹ ਪੁਲ ਅੰਤਰਰਾਜੀ ਸੰਪਰਕ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਖੇਤਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਰੱਖਿਆ ਦੇ ਪੱਖੋਂ ਵੀ ਰਣਨੀਤਕ ਮਹੱਤਤਾ ਰੱਖਦਾ ਹੈ।

ਡਿਜ਼ਾਈਨ ਅਤੇ ਨਿਰਮਾਣ: ਇਸ ਪ੍ਰੋਜੈਕਟ ਨੂੰ ਆਈਆਈਟੀ ਦਿੱਲੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਇਸ ਦਾ ਡਿਜ਼ਾਈਨ ਕੈਨੇਡੀਅਨ ਸਲਾਹਕਾਰਾਂ ਵੱਲੋਂ ਤਿਆਰ ਕੀਤਾ ਗਿਆ ਅਤੇ ਇਸ ਦਾ ਨਿਰਮਾਣ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਵੱਲੋਂ ਐੱਸ.ਪੀ. ਸਿੰਗਲਾ ਕੰਸਟਰਕਸ਼ਨਜ਼ ਦੇ ਸਹਿਯੋਗ ਨਾਲ ਕੀਤਾ ਗਿਆ।

ਜਨਮ ਦਿਨ ’ਤੇ ਵਿਸ਼ੇਸ਼19ਵੀਂ ਸਦੀ ਦਾ ਬਾਬਾ ਵਿਸ਼ਵਕਰਮਾ 'ਆਰਕੀਟੈਕਟ ਭਾਈ ਰਾਮ ਸਿੰਘ’1 ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ...
01/08/2026

ਜਨਮ ਦਿਨ ’ਤੇ ਵਿਸ਼ੇਸ਼

19ਵੀਂ ਸਦੀ ਦਾ ਬਾਬਾ ਵਿਸ਼ਵਕਰਮਾ 'ਆਰਕੀਟੈਕਟ ਭਾਈ ਰਾਮ ਸਿੰਘ’

1 ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਬੱਚੇ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਘ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸ ਦੀਆਂ ਡਿਜ਼ਾਈਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ ਕੇ ਦੇਖਣਗੇ। ਬੇਸ਼ੱਕ ਆਰਕੀਟੈਕਟ ਭਾਈ ਰਾਮ ਸਿੰਘ ਨੂੰ ਉਸਦੇ ਆਪਣੇ ਇਲਾਕੇ ਅਤੇ ਕੌਮ ਦੇ ਲੋਕ ਵਿਸਾਰ ਗਏ ਹੋਣ ਪਰ ਉਸ ਸਰਦਾਰ ਦੀ ਕਲਾ ਦਾ ਲੋਹਾ ਦੁਨੀਆਂ ਅੱਜ ਵੀ ਮੰਨਦੀ ਹੈ। ਭਾਈ ਰਾਮ ਸਿੰਘ ਨੂੰ ਜੇਕਰ 19ਵੀਂ ਸਦੀ ਦਾ ਪ੍ਰਤੱਖ ‘ਵਿਸ਼ਵਕਰਮਾ’ ਕਹਿ ਲਈਏ ਤਾਂ ਕੋਈ ਅੱਤ-ਕਥਨੀ ਨਹੀਂ ਹੋਵੇਗੀ।

ਜਦੋਂ ਵੀ ਕੋਈ ਵਿਅਕਤੀ ਅੰਮ੍ਰਿਤਸਰ ਸਥਿਤ ਖ਼ਾਲਸਾ ਕਾਲਜ ਦੀ ਇਮਾਰਤ ਨੂੰ ਆਪਣੀ ਅੱਖੀਂ ਦੇਖਦਾ ਹੈ ਤਾਂ ਉਹ ਆਪ-ਮੁਹਾਰੇ ਹੀ ਅਸ਼-ਅਸ਼ ਕਰ ਉੱਠਦਾ ਹੈ। ਪਰ ਇਸ ਖ਼ੂਬਸੂਰਤ ਇਮਾਰਤ ਨੂੰ ਡਿਜ਼ਾਈਨ ਕਿਸ ਨੇ ਕੀਤਾ ਸੀ, ਉਸ ਮਹਾਨ ਹਸਤੀ ਬਾਰੇ ਬਹੁਤਿਆਂ ਨੂੰ ਨਹੀਂ ਪਤਾ। ਖ਼ਾਲਸਾ ਕਾਲਜ ਦੀ ਖ਼ੂਬਸੂਰਤ ਇਮਾਰਤ ਦਾ ਨਕਸ਼ਾ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਜੰਮਪਲ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਭਾਈ ਰਾਮ ਸਿੰਘ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਜੋ ਸਾਰੀਆਂ ਹੀ ਵਿਰਾਸਤੀ ਇਮਾਰਤਾਂ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ।

ਭਾਈ ਰਾਮ ਸਿੰਘ ਦੀ ਕਲਾ ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਇਨਿੰਗ ਅਤੇ ਵੂਡ ਕਰਵਿੰਗ ਦਾ ਕੰਮ ਕਰਨ ਤੋਂ ਇਲਾਵਾ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੇ ਦਰਬਾਰ ਹਾਲ ਦੀ ਇੰਟੀਰੀਅਰ ਡਿਜ਼ਾਇਨਿੰਗ ਕੀਤੀ। ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ ਅਤੇ ਫਿਰੋਜ਼ਪੁਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਯਾਤ ਦੀ ਰਿਹਾਇਸ਼ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜ਼ਾਇਨਿੰਗ ਦਾ ਕੰਮ ਵੀ ਭਾਈ ਰਾਮ ਸਿੰਘ ਨੇ ਕੀਤਾ।

ਪੰਜਾਬੀ ਦੇ ਪ੍ਰਸਿੱਧ ਲੇਖਕ ਹਰਪਾਲ ਸਿੰਘ ਪੰਨੂ ਭਾਈ ਰਾਮ ਸਿੰਘ ਬਾਰੇ ਆਪਣੇ ਇੱਕ ਲੇਖ ਵਿੱਚ ਜ਼ਿਕਰ ਕਰਦੇ ਹਨ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਇੱਕ ਸਧਾਰਨ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਸ. ਆਸਾ ਸਿੰਘ ਤਰਖਾਣਾ ਕੰਮ ਕਰਦੇ ਸਨ। ਸ. ਆਸਾ ਸਿੰਘ ਪਿੰਡ ਰਸੂਲਪੁਰ ਛੱਡ ਕੇ ਅੰਮ੍ਰਿਤਸਰ ਚੀਲ ਮੰਡੀ ਵਿੱਚ ਦੁਕਾਨ ਖ਼ਰੀਦ ਕੇ ਕਾਰੋਬਾਰ ਕਰਨ ਲੱਗ ਪਏ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚੋਂ ਭਾਈ ਰਾਮ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਤਰਖਾਣਾ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਭਾਈ ਰਾਮ ਸਿੰਘ ਦੇ ਹੱਥਾਂ ਵਿੱਚ ਬਹੁਤ ਹੁਨਰ ਸੀ ਅਤੇ ਉਸਦੇ ਕੰਮ ਤੋਂ ਸਾਰੇ ਹੀ ਹੈਰਾਨ ਸਨ।

ਪਾਕਿਸਤਾਨ ਦੇ ਲਾਹੌਰ ਸਥਿਤ ਆਰਟੀਸ਼ਨ ਕਾਲਜ ਦੀ ਪ੍ਰੋਫੈਸਰ ਜੋੜੀ ਪ੍ਰਵੇਜ਼ ਵੰਡਾਲ ਅਤੇ ਸਾਜ਼ਿਦਾ ਵੰਡਾਲ ਨੇ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਲਿਖੀ ਕਿਤਾਬ 'ਦਾ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ' ਵਿੱਚ ਲਿਖਦੇ ਹਨ ਕਿ ਓਨੀ ਦਿਨੀਂ ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਹਾਰਵੇ, ਅੰਮ੍ਰਿਤਸਰ ਆਉਂਦਾ ਜਾਂਦਾ ਰਹਿੰਦਾ ਸੀ। ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਨੂੰ ਬੱਚੇ ਦੀ ਤੀਖਣ ਬੁੱਧ ਦੀ ਦੱਸ ਪਾਈ। ਜਨਵਰੀ 1874 ਵਿੱਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਓਥੇ ਦੇ ਆਰਟ ਸਕੂਲ ਵਿੱਚ ਦਾਖਲ ਹੋ ਗਿਆ। ਪਹਿਲਾਂ ਸਕੂਲ ਦਾ ਨਾਮ ਲਾਹੌਰ ਸਕੂਲ ਆਫ਼ ਕਾਰਪੈਂਟਰੀ ਸੀ ਤੇ ਕਲਾਸਾਂ ਡੀ.ਪੀ.ਆਈ. ਦਫ਼ਤਰ ਦੇ ਵਰਾਂਡੇ ਵਿੱਚ ਲਗਦੀਆਂ ਸਨ, ਸਕੂਲ ਦੀ ਇਮਾਰਤ ਅਜੇ ਬਣਨੀ ਸੀ। ਸਰਕਾਰ ਇਸ ਸਕੂਲ ਨੂੰ ਪੈਸਾ ਨਹੀਂ ਦਿੰਦੀ ਸੀ।

ਮਾਸਟਰ ਆਪਣੇ ਵਿਦਿਆਰਥੀਆਂ ਤੋਂ ਲੋਕਾਂ ਦੇ ਕੰਮ ਕਰਵਾਉਣੇ, ਜੋ ਪੈਸਾ ਆਵੇ ਉਸ ਨਾਲ ਖਰਚਾ ਕੱਢਣਾ। ਇਹ ਸਕੂਲ ਮਾਸਟਰਾਂ ਨੂੰ ਤਨਖ਼ਾਹਾਂ ਦੇਣ ਜੋਗਾ ਵੀ ਨਹੀਂ ਸੀ। ਆਖ਼ਰ 1875 ਵਿੱਚ ਮੇਓ ਸਕੂਲ ਸਥਾਪਿਤ ਹੋਇਆ ਜਿਸ ਵਿੱਚ ਕੁੱਲ ਵੀਹ ਵਿਦਿਆਰਥੀ ਦਾਖਲ ਹੋਏ। ਲਾਹੌਰ ਵਿਖੇ ਬੰਗਾਲ ਬੈਂਕ ਪਿੱਛੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਇਮਾਰਤ ਕਿਰਾਏ ਤੇ ਲੈ ਲਈ ਗਈ। ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਰਾਮ ਸਿੰਘ ਬਾਕੀਆਂ ਵਿਦਿਆਰਥੀਆਂ ਤੋਂ ਪਹਿਲਾਂ ਸਿੱਖ ਗਿਆ। ਪਹਿਲੀ ਸਾਲਾਨਾ ਸਕੂਲ ਰਿਪੋਰਟ ਵਿੱਚ ਮੇਓ ਸਕੂਲ ਦੇ ਪ੍ਰਿੰਸੀਪਲ ਕਿਪਲਿੰਗ ਨੇ ਲਿਖਿਆ ਸੰਗਮਰਮਰ ਤਰਾਸ਼ਣ ਵਾਲੇ ਸ਼ਿਲਪੀ ਦਾ ਬੇਟਾ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਣਹਾਰ ਵਿਦਿਆਰਥੀ ਹਨ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੀਆਂ ਮੰਜ਼ਿਲਾਂ ਛੂਹੇਗਾ। ਕਾਰਪੈਂਟਰ ਨਹੀਂ ਰਹੇਗਾ, ਇਮਾਰਤਸਾਜ਼ ਬਣੇਗਾ। ਉਹ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਦੇ ਸਮਰੱਥ ਹੈ। ਭਵਿੱਖ ਵਿੱਚ ਪ੍ਰਿੰਸੀਪਲ ਕਿਪਲਿੰਗ ਦੀ ਇਹ ਭਵਿੱਖਬਾਣੀ ਬਿਲਕੁਲ ਸੱਚ ਸਾਬਤ ਹੋਈ ਅਤੇ ਭਾਈ ਰਾਮ ਸਿੰਘ ਦੁਨੀਆਂ ਦਾ ਮਹਾਨ ਇਮਾਰਤਸਾਜ਼ ਬਣਿਆ।

ਕਹਿੰਦੇ ਹਨ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਮੇਮ ਸਾਹਿਬਾ ਦਾ ਪਿਆਨੋ ਖ਼ਰਾਬ ਹੋ ਗਿਆ। ਇਸ ਦੀ ਮੁਰੰਮਤ ਅਤੇ ਪਾਲਿਸ਼ ਕਰਨ ਲਈ ਆਮ ਮਿਸਤਰੀ ਨੂੰ ਥੋੜ੍ਹਾ ਸੱਦਣਾ ਸੀ? ਭਾਲ ਸ਼ੁਰੂ ਹੋਈ, ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 16 ਸਾਲ ਦੀ ਉਮਰ ਦੇ ਰਾਮ ਸਿੰਘ ਤੋਂ ਵੱਧ ਕੇ ਕੋਈ ਕਾਰੀਗਰ ਨਹੀਂ। ਆਖ਼ਰ ਰਾਮ ਸਿੰਘ ਨੂੰ ਸੱਦਿਆ ਗਿਆ। ਉਸਨੇ ਇਹ ਕੰਮ ਸਿਰੇ ਚਾੜ੍ਹ ਕੇ ਡਿਪਟੀ ਕਮਿਸ਼ਨਰ ਕੋਲੋਂ ਸ਼ਾਬਾਸ਼ੀ ਲਈ। ਇਹ ਕੰਮ ਰਾਮ ਸਿੰਘ ਨੇ ਸਕੂਲ ਵਿੱਚੋਂ ਨਹੀਂ ਸਗੋਂ ਆਪਣੇ ਪਿਤਾ ਪਾਸੋਂ ਸਿੱਖਿਆ ਸੀ।

ਛੇ ਸਾਲ ਦੀ ਟਰੇਨਿੰਗ ਪੂਰੀ ਹੋਈ, ਰਾਮ ਸਿੰਘ ਨੂੰ ਇੱਕ ਅਪ੍ਰੈਲ 1883 ਦੇ ਦਿਨ ਅਸਿਸਟੈਂਟ ਮਾਸਟਰ ਵਜੋਂ ਇਸੇ ਸਕੂਲ ਵਿੱਚ ਨੌਂਕਰੀ ਦਿੱਤੀ ਗਈ। ਰਾਮ ਸਿੰਘ ਦੇ ਮੁੱਢਲੇ ਦਿਨ ਬੜੇ ਸਖ਼ਤ ਸਨ, ਕੇਵਲ ਕਲਾਸ ਰੂਮ ਵਿੱਚ ਪੜ੍ਹਾਉਣਾ ਨਹੀਂ, ਸਰਕਾਰ ਦੇ ਪੱਤਰ ਆਉਂਦੇ ਹੀ ਰਹਿੰਦੇ, ਇਹ ਇਮਾਰਤ ਬਣਾਉਣੀ ਹੈ, ਫਿਰ ਉਹ ਇਮਾਰਤ ਬਣਾਉਣੀ ਹੈ। ਕੇਵਲ ਨਕਸ਼ਾ ਨਹੀਂ ਬਣਾਉਣਾ, ਬਣਦੀ ਇਮਾਰਤ ਦੀ ਨਿਗਰਾਨੀ ਵੀ ਕਰਨੀ ਹੈ। ਥਾਂ-ਥਾਂ ਨੁਮਾਇਸ਼ਾਂ ਲੱਗਦੀਆਂ, ਉਨ੍ਹਾਂ ਦਾ ਪ੍ਰਬੰਧਕ ਰਾਮ ਸਿੰਘ ਨੂੰ ਲਗਾਇਆ ਜਾਂਦਾ। ਰਾਜੇ, ਵਜ਼ੀਰ, ਧਨੀ ਸੇਠ ਆਪਣੀਆਂ ਹਵੇਲੀਆਂ ਲਈ ਨਕਸ਼ੇ ਬਣਵਾਉਣ ਆਉਂਦੇ। ਰਾਮ ਸਿੰਘ ਬੜੀ ਮਿਹਨਤ ਤੇ ਲਗਨ ਨਾਲ ਇਹ ਸਭ ਕੰਮ ਕਰਨ ਲੱਗਾ।

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਭਾਰਤੀ ਕਲਾ ਤੋਂ ਬਹੁਤ ਮੁਤਾਸਰ ਸੀ। ਉਹ ਅਸਬਰਨ ਵਿਖੇ ਆਪਣਾ ਸਰਦੀਆਂ ਦਾ ਮਹਿਲ ਭਾਰਤੀ ਕਲਾ ਅਨੁਸਾਰ ਤਿਆਰ ਕਰਾਉਣਾ ਚਾਹੁੰਦੀ ਸੀ। ਮਲਿਕਾ ਨੂੰ ਭਾਈ ਰਾਮ ਸਿੰਘ ਦੀ ਮੁਹਾਰਤ ਦਾ ਪਤਾ ਲੱਗ ਚੁੱਕਾ ਸੀ ਪਰ ਫਿਰ ਵੀ ਉਸ ਸੋਚਦੀ ਸੀ ਕਿ ਸ਼ਾਇਦ ਭਾਰਤ ਵਿੱਚ ਰਾਮ ਸਿੰਘ ਤੋਂ ਵਧੀਆ ਵੀ ਡਿਜ਼ਾਈਨਰ ਹੋਣ। ਮਲਿਕਾ ਨੇ ਕਿਹਾ ਕਿ ਇਸ ਕੰਮ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਟੈਂਡਰ ਵੀ ਮੰਗੇ ਜਾਣ। ਅਜੇ ਇਹ ਕਾਰਵਾਈ ਚੱਲ ਹੀ ਰਹੀ ਸੀ ਕਿ ਉਨ੍ਹੀਂ ਦਿਨੀਂ ਸੰਨ 1890 ਵਿੱਚ ਮੇਓ ਸਕੂਲ ਦੇ ਪ੍ਰਿੰਸੀਪਲ ਕਿਪਲਿੰਗ ਇੰਗਲੈਂਡ ਵਿੱਚ ਹੀ ਸਨ। ਇੱਕ ਦਿਨ ਉਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਤਾਂ ਮਲਿਕਾ ਨੇ ਕਿਪਲਿੰਗ ਨਾਲ ਆਪਣੇ ਮਹਿਲ ਨੂੰ ਭਾਰਤੀ ਕਲਾ ਅਨੁਸਾਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ। ਕਿਪਲਿੰਗ ਨੇ ਕਿਹਾ ਕਿ ਭਾਈ ਰਾਮ ਸਿੰਘ ਤੋਂ ਵਧੀਆ ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ। ਮਲਿਕਾ ਵਿਕਟੋਰੀਆ ਮੰਨ ਗਈ। ਭਾਈ ਰਾਮ ਸਿੰਘ ਵੱਲੋਂ ਸ਼ਰਤਾਂ ਕਿਪਲਿੰਗ ਨੇ ਤੈਅ ਕੀਤੀਆਂ, ਸੌ ਪੌਂਡ ਸਫ਼ਰ ਖ਼ਰਚ, ਪੰਜ ਪੌਂਡ ਹਫ਼ਤਾ ਤਨਖ਼ਾਹ, ਮਹਿਲ ਨੇੜੇ ਮੁਫ਼ਤ ਰਿਹਾਇਸ਼। ਖਾਣਾ ਖ਼ੁਦ ਬਣਾ ਲਏਗਾ ਕਿਉਂਕਿ ਹਲਾਲ ਅਤੇ ਤਮਾਕੂ ਦਾ ਪਰਹੇਜ਼ਗਾਰ ਹੈ, ਮਰ ਜਾਏਗਾ ਪਰ ਇਹ ਦੋ ਵਸਤਾਂ ਛੂਹੇਗਾ ਵੀ ਨਹੀਂ।

ਭਾਈ ਰਾਮ ਸਿੰਘ ਨੂੰ ਸਕੂਲ ਵਿੱਚੋਂ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਤਾਂ ਕਿ ਉੱਥੋਂ ਦੇ ਕਾਰੀਗਰਾਂ ਨੂੰ ਨਕਸ਼ੇ ਸਮਝਾ ਕੇ ਕੰਮ ਦੀ ਰੂਪ-ਰੇਖਾ ਤਿਆਰ ਕਰਵਾ ਕੇ ਪਰਤ ਆਵੇਗਾ। ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਪੈਰਿਸ ਗਏ, ਪੈਰਿਸ ਤੋਂ ਟਰੇਨ ਫੜਕੇ ਲੰਡਨ। ਲੈਣ ਵਾਸਤੇ ਰੇਲਵੇ ਸਟੇਸ਼ਨ ਉਸ ਦਾ ਪ੍ਰਿੰਸੀਪਲ ਕਿਪਲਿੰਗ ਖ਼ੁਦ ਪੁੱਜਿਆ। ਕੁਝ ਦਿਨ ਪ੍ਰਿੰਸੀਪਲ ਨੇ ਆਪਣੇ ਘਰ ਰੱਖਿਆ। ਫਿਰ ਅਸਬਰਨ ਪੁੱਜ ਗਏ ਜਿੱਥੇ ਮਲਿਕਾ ਉਡੀਕ ਰਹੀ ਸੀ। ਭਾਈ ਰਾਮ ਸਿੰਘ ਦਾ ਸਾਰਾ ਖ਼ਰਚ ਮਹਿਲ ਅਦਾ ਕਰੇ। ਜੈਕਸਨ ਐਂਡ ਸੰਜ਼ ਕੰਪਨੀ ਨੂੰ ਠੇਕਾ ਦਿੱਤਾ ਗਿਆ। ਮਹੀਨੇ ਬਾਅਦ ਵਾਪਸ ਆਉਣਾ ਚਾਹਿਆ ਤਾਂ ਕੰਪਨੀ ਦੇ ਕਾਰੀਗਰ ਕਹਿਣ ਲੱਗੇ, ਰਾਮ ਸਿੰਘ ਦੀ ਗ਼ੈਰ ਹਾਜ਼ਰੀ ਵਿੱਚ ਕੰਮ ਨਹੀਂ ਹੋ ਸਕਦਾ। ਉਸ ਨੂੰ ਇੱਥੇ ਹੀ ਰਹਿਣਾ ਪਏਗਾ। ਛੇ ਮਹੀਨਿਆਂ ਦੀ ਛੁੱਟੀ ਹੋਰ ਲੈ ਲਈ। ਛੇ ਮਹੀਨੇ ਬੀਤ ਗਏ। ਕੰਮ ਦੀ ਸੂਖਮਤਾ ਦਾ ਸਭ ਨੂੰ ਫ਼ਿਕਰ ਸੀ ਤੇ ਰਾਮ ਸਿੰਘ ਪ੍ਰਾਜੈਕਟ ਦੀ ਜਾਨ ਸਨ। ਡੇਢ ਸਾਲ ਹੋਰ ਲੱਗ ਗਿਆ। ਅਖੀਰ ਮਾਰਚ 31, 1893 ਨੂੰ ਸਮਾਪਤੀ ਹੋਈ ਅਤੇ ਉਸ ਸਮੇਂ ਤੱਕ ਸਵਾ ਦੋ ਸਾਲ ਬੀਤ ਚੁੱਕੇ ਸਨ।

60 ਬਾਈ 30 ਫੁੱਟ ਆਕਾਰ ਦਾ ਦਰਬਾਰ ਹਾਲ 20 ਫੁੱਟ ਉੱਚਾ ਸੀ। ਜੈਕਸਨ ਕੰਪਨੀ ਨੇ ਆਪਣਾ ਸਟੂਡੀਓ ਭਾਈ ਰਾਮ ਸਿੰਘ ਵਾਸਤੇ ਮਹਿਲ ਵਿੱਚ ਲੈ ਆਂਦਾ। ਕੰਪਨੀ ਨੂੰ 2250 ਪੌਂਡ ਲੇਬਰ ਦਾ ਖ਼ਰਚਾ ਦੇਣਾ ਕੀਤਾ ਸੀ ਜੋ ਭਾਈ ਰਾਮ ਸਿੰਘ ਦੀਆਂ ਲੋੜਾਂ ਮੁਤਾਬਿਕ ਵਧਾਉਣਾ ਪਿਆ। ਫ਼ੈਸਲਾ ਹੋਇਆ ਕਿ ਫਾਇਰ ਪਲੇਸ ਦੀ ਚਿਮਨੀ ਪੈਲ ਪਾਉਂਦੇ ਮੋਰ ਤੋਂ ਸ਼ੁਰੂ ਕਰਕੇ ਉੱਪਰ ਵੱਲ ਵਧੇ। ਲੱਕੜ ਦਾ ਮੋਰ ਬਣਾਉਣ ਵਾਸਤੇ ਭਾਈ ਰਾਮ ਸਿੰਘ ਦੇ 500 ਘੰਟੇ ਖ਼ਰਚ ਹੋਏ। ਦਰਬਾਰ ਹਾਲ ਤਿਆਰ ਹੋ ਗਿਆ। ਅਜੇ ਕਿਹੜਾ ਕੰਮ ਮੁੱਕ ਗਿਆ ਸੀ? ਭਾਰਤੀ ਫ਼ਰਨੀਚਰ ਹੋਰ ਕੌਣ ਤਿਆਰ ਕਰੇ? ਇਸ ਵਾਸਤੇ ਵੀ ਭਾਈ ਰਾਮ ਸਿੰਘ ਹੀ ਚਾਹੀਦਾ ਸੀ। ਲੰਮਾ ਡਾਇਨਿੰਗ ਟੇਬਲ ਅਤੇ 36 ਕੁਰਸੀਆਂ ਤਿਆਰ ਕਰਨੀਆਂ ਸਨ, ਬੈਠਣ ਲਈ ਕੰਧਾਂ ਦੇ ਨਾਲ-ਨਾਲ ਕੁਰਸੀਆਂ, ਸੋਫ਼ੇ, ਸਾਈਡ ਟੇਬਲ।

ਭਾਈ ਰਾਮ ਸਿੰਘ ਦੇ ਹੱਥਾਂ ਰਾਹੀਂ ਭਾਰਤੀ ਹੁਨਰ ਯੂਰਪ ਵਿੱਚ ਪਹੁੰਚ ਗਿਆ। ਜਿਸ ਪਾਸੇ ਦਰਸ਼ਕ ਦੀਆਂ ਨਿਗਾਹਾਂ ਜਾਂਦੀਆਂ, ਉੱਥੇ ਹੀ ਜਮ ਜਾਂਦੀਆਂ। ਜਦੋਂ ਦਰਬਾਰ ਹਾਲ ਦਾ ਕੰਮ ਮੁਕੰਮਲ ਹੋਇਆ ਤਾਂ ਮਹਾਰਾਣੀ ਵਿਕਟੋਰੀਆ ਅਤੇ ਸ਼ਹਿਜ਼ਾਦੀ ਲੂਈ ਇਸ ਦੀ ਸ਼ਾਨ ਦੇਖ ਕੇ ਏਨੀਆਂ ਖ਼ੁਸ਼ ਹੋਈਆਂ ਕਿ ਉਨ੍ਹਾਂ ਨੇ ਸਤਿਕਾਰ ਵਜੋਂ ਭਾਈ ਰਾਮ ਸਿੰਘ ਦੇ ਹੱਥ ਚੁੰਮ ਲਏ।

ਭਾਈ ਰਾਮ ਸਿੰਘ ਦੀ ਕਲਾ ਤੋਂ ਖ਼ੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਦਸਤਖ਼ਤ ਕਰਕੇ ਆਪਣੀ ਫ਼ੋਟੋ ਅਤੇ ਇੱਕ ਸੋਨੇ ਦਾ ਪੈਨਸਿਲ ਕੇਸ ਤੋਹਫ਼ੇ ਵਜੋਂ ਭਾਈ ਰਾਮ ਸਿੰਘ ਨੂੰ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ, ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਭਾਈ ਰਾਮ ਸਿੰਘ ਦੀ ਤਸਵੀਰ ਨੂੰ ਚਿਤਰਿਤ ਕਰਨ ਲਈ ਕਿਹਾ, ਜਿਸ ਨੇ ਭਾਈ ਰਾਮ ਸਿੰਘ ਦਾ ਇੱਕ ਚਿੱਤਰ ਬਣਾਇਆ ਜੋ ਅੱਜ ਵੀ ਉਸ ਦਰਬਾਰ ਹਾਲ ਵਿੱਚ ਲੱਗਾ ਹੋਇਆ ਹੈ।

ਇੱਕ ਵਾਰ ਪੰਜਾਬ ਦੇ ਗਵਰਨਰ ਨੇ ਭਾਈ ਰਾਮ ਸਿੰਘ ਨੂੰ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ ਲਈ ਕਿਹਾ। ਭਾਈ ਰਾਮ ਸਿੰਘ ਨੇ ‘ਤਖ਼ਤ-ਏ-ਤਾਊਸ’ ਦਾ ਨਿਰਮਾਣ ਕੀਤਾ ਜਿਸ ਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ ਪਰ ਓਥੇ ਕੋਈ ਵੀ ਇਨ੍ਹਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖੀਰ ਭਾਈ ਰਾਮ ਸਿੰਘ ਖ਼ੁਦ ਇੰਗਲੈਂਡ ਜਾ ਕੇ ‘ਤਖ਼ਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿੱਚ ਜੋੜ ਕੇ ਆਏ।

ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਲੇਖ ਦੇ ਸ਼ੁਰੂ ਵਿੱਚ ਦੱਸੀਆਂ ਮਹਾਨ ਵਿਰਾਸਤੀ ਇਮਾਰਤਾਂ ਦੀ ਸਿਰਜਣਾ ਵੀ ਕੀਤੀ।

1886 ਵਿੱਚ ਇੰਡੋ ਕੋਲੋਨੀਅਲ ਨੁਮਾਇਸ਼ ਲੰਡਨ ਵਿੱਚ, 1888 ਗਲਾਸਗੋ ਵਿੱਚ, 1889 ਬੰਬੇ ਵਿੱਚ ਆਰਟ ਐਗਜ਼ੀਬੀਸ਼ਨਜ਼ ਲੱਗੀਆਂ ਜਿੱਥੇ ਭਾਰਤ ਦੀ ਨੁਮਾਇੰਦਗੀ ਭਾਈ ਰਾਮ ਸਿੰਘ ਨੇ ਕੀਤੀ। ਉਹ ਹਰ ਥਾਂ 250 ਫੁੱਟ ਦਾ ਲੱਕੜ ਦਾ ਪਰਦਾ ਲਿਜਾਂਦੇ ਜਿਸ ਉੱਪਰ ਉਨ੍ਹਾਂ ਖ਼ੁਦ ਖੁਣਾਈ ਕੀਤੀ ਹੋਈ ਸੀ, ਫੁੱਲ ਬੂਟਿਆਂ ਦੇ ਬਾਗ ਵਿੱਚ ਪਸ਼ੂ ਪੰਛੀ, ਪੈਲਾਂ ਪਾਉਂਦੇ ਮੋਰ ਉੱਕਰੇ ਹੋਏ ਸਨ। ਦਿੱਲੀ ਆਰਟ ਐਗਜ਼ੀਬੀਸ਼ਨ 1903 ਵਿੱਚ ਹੋਇਆ, ਭਾਈ ਰਾਮ ਸਿੰਘ ਦੀਆਂ ਲੱਕੜ ਵਿੱਚ ਖੁਣੀਆਂ ਵਸਤਾਂ ਦਸ ਹਜ਼ਾਰ ਰੁਪਏ ਦੀਆਂ ਵਿਕੀਆਂ। ਟਾਹਲੀ ਦੀ ਲੱਕੜ ਉੱਪਰ ਖੁਣਾਈ ਕੀਤਾ ਬੋਰਡ ਪੰਜ ਰੁਪਏ ਨੂੰ ਵਿਕਿਆ ਤੇ ਉਨ੍ਹਾਂ ਸਿਲਵਰ ਮੈਡਲ ਜਿੱਤਿਆ। ਐਡਵਰਡ ਅੱਠਵੇਂ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ 1905 ਵਿੱਚ ਦਿੱਲੀ ਦਰਬਾਰ ਹੋਣਾ ਤੈਅ ਹੋਇਆ। ਇਸ ਵਿੱਚ ਲੱਗਣ ਵਾਲੀ ਨੁਮਾਇਸ਼ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ ਜੋ ਉਸਨੇ ਬਾਖ਼ੂਬੀ ਨਿਭਾਇਆ।

ਭਾਈ ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ 38 ਸਾਲਾਂ ਲਈ ਮੇਯੋ ਸਕੂਲ ਆਫ਼ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਸੇਵਾ ਤੋਂ ਸੇਵਾ ਮੁਕਤ ਹੋ ਗਏ। ਇਹ ਵਰਨਣਯੋਗ ਹੈ ਕਿ ਇਕ ਸਿੱਖ, ਜਿਸ ਦੀ ਕੋਈ ਰਸਮੀ ਯੋਗਤਾ ਨਹੀਂ ਸੀ, ਉਸ ਨੂੰ ਬ੍ਰਿਟਿਸ਼ ਰਾਜ ਦੁਆਰਾ ਇਕ ਮਸ਼ਹੂਰ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਅੰਗਰੇਜ਼ ਨੂੰ ਦੋ ਨੰਬਰ ’ਤੇ ਰੱਖਿਆ ਗਿਆ ਸੀ।

ਭਾਈ ਰਾਮ ਸਿੰਘ ਦੇ ਪੰਜ ਬੇਟੇ ਤੇ ਦੋ ਧੀਆਂ ਸਨ। ਚੌਥਾ ਬੇਟਾ ਸੁਖਚਰਨ ਸਿੰਘ ਮੇਓ ਸਕੂਲ ਵਿੱਚ ਪੜ੍ਹਿਆ ਤੇ ਅੰਮ੍ਰਿਤਸਰ ਦਾ ਮਸ਼ਹੂਰ ਚਿੱਤਰਕਾਰ ਰਿਹਾ, ਦੂਜਾ ਸੁਲੱਖਣ ਸਿੰਘ, ਇੰਜੀਨੀਅਰਿੰਗ ਕਰਕੇ ਗਲਾਸਗੋ ਚਲਾ ਗਿਆ। ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਨਾਲ ਕੰਮ ਕਰਦਾ। ਸਾਲ 1916, ਰਿਟਾਇਰਮੈਂਟ ਤੋਂ ਤਿੰਨ ਸਾਲ ਬਾਅਦ 58 ਸਾਲ ਦੀ ਉਮਰ ਵਿੱਚ ਆਪਣੀ ਧੀ ਦੇ ਘਰ ਦਿੱਲੀ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ।

ਭਾਵੇਂ ਭਾਈ ਰਾਮ ਸਿੰਘ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੁਆਰਾ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਭਾਈ ਰਾਮ ਸਿੰਘ ਦੀ ਕਲਾ ਏਨੀ ਬੁਲੰਦ ਸੀ ਕਿ ਸ਼ਬਦਾਂ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਰਾਮ ਸਿੰਘ ਦੀ ਮਹਾਨ ਕਲਾ ਤੋਂ ਭਾਵੇਂ ਉਸਦੇ ਆਪਣੇ ਪਿੰਡ ਰਸੂਲਪੁਰ ਤੇ ਇਲਾਕੇ ਦੇ ਲੋਕ ਹੀ ਜਾਣੂ ਨਾ ਹੋਣ ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574

ਵਿਰਾਸਤੀ ਮੰਚ ਬਟਾਲਾ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਿਰਾਸਤਾਂ ਦੀ ਸੰਭਾਲ ਲਈ ਕੇਂਦਰ ਸਰਕਾਰ ਕੋਲੋਂ ਕੀਤੀ ਮੰਗਦੇਸ਼ ਭਰ ਦੇ ਸਕੂਲੀ ਸਿਲੇਬ...
19/07/2026

ਵਿਰਾਸਤੀ ਮੰਚ ਬਟਾਲਾ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਿਰਾਸਤਾਂ ਦੀ ਸੰਭਾਲ ਲਈ ਕੇਂਦਰ ਸਰਕਾਰ ਕੋਲੋਂ ਕੀਤੀ ਮੰਗ

ਦੇਸ਼ ਭਰ ਦੇ ਸਕੂਲੀ ਸਿਲੇਬਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਸ਼ਾਮਲ ਕਰਨ ਦੀ ਵੀ ਕੀਤੀ ਅਪੀਲ

ਬਟਾਲਾ, 19 ਜੁਲਾਈ ( ) – ਵਿਰਾਸਤਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਕੰਮ ਕਰ ਰਹੀ ਨਾਮਵਰ ਸੰਸਥਾ ਵਿਰਾਸਤੀ ਮੰਚ ਬਟਾਲਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਇਤਿਹਾਸਕ ਯਾਦਗਾਰਾਂ ਅਤੇ ਵਿਰਾਸਤੀ ਸਥਾਨਾਂ ਦੀ ਸੰਭਾਲ ਲਈ ਵਿਸ਼ੇਸ਼ ਯੋਜਨਾ ਬਣਾਈ ਜਾਵੇ। ਸੰਸਥਾ ਨੇ ਇਹ ਵੀ ਅਪੀਲ ਕੀਤੀ ਕਿ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੇ ਗੌਰਵਮਈ ਇਤਿਹਾਸ ਨੂੰ ਦੇਸ਼ ਭਰ ਦੇ ਸਕੂਲੀ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਨਵੀਂ ਪੀੜ੍ਹੀ ਉਨ੍ਹਾਂ ਦੇ ਜੀਵਨ, ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ 'ਤੇ ਆਧਾਰਿਤ ਸ਼ਾਸਨ ਤੋਂ ਜਾਣੂ ਹੋ ਸਕੇ।

ਵਿਰਾਸਤੀ ਮੰਚ ਦੇ ਚੇਅਰਮੈਨ ਐਡਵੋਕੇਟ ਐੱਚ. ਐੱਸ. ਮਾਂਗਟ, ਪ੍ਰਧਾਨ ਬਲਦੇਵ ਸਿੰਘ ਰੰਧਾਵਾ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਹਰਪੁਰਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਸਵਾਗਤਯੋਗ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਿਆਂਪੂਰਨ, ਧਰਮ ਨਿਰਪੱਖ ਅਤੇ ਲੋਕ-ਹਿਤੈਸ਼ੀ ਰਾਜ ਦੀ ਗੱਲ ਕਰ ਰਹੀ ਹੈ ਅਤੇ ਉਨ੍ਹਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਭੇਟ ਕੀਤੀਆਂ ਜਾ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਮੇਤ ਕਈ ਸੂਬਿਆਂ ਵਿੱਚ ਸਰਕਾਰ ਹੈ ਤਾਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਅਤੇ ਵਿਰਾਸਤ ਨੂੰ ਦੇਸ਼ ਪੱਧਰ 'ਤੇ ਪ੍ਰਮੁੱਖਤਾ ਦੇਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਅਤੇ ਸ਼ਾਸਨ ਬਾਰੇ ਸਕੂਲੀ ਸਿੱਖਿਆ ਵਿੱਚ ਪਾਠ ਸ਼ਾਮਲ ਕੀਤੇ ਜਾਣ ਨਾਲ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਇੱਕ ਮਹਾਨ ਅਤੇ ਦੂਰਅੰਦੇਸ਼ ਸ਼ਾਸਕ ਬਾਰੇ ਜਾਣਨ ਦਾ ਮੌਕਾ ਮਿਲੇਗਾ।

ਵਿਰਾਸਤੀ ਮੰਚ ਨੇ ਮੰਗ ਕੀਤੀ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਸਾਰੀਆਂ ਇਤਿਹਾਸਕ ਯਾਦਗਾਰਾਂ ਦੀ ਵਿਸ਼ੇਸ਼ ਤੌਰ 'ਤੇ ਸੰਭਾਲ ਅਤੇ ਵਿਕਾਸ ਕੀਤਾ ਜਾਵੇ। ਸੰਸਥਾ ਨੇ ਅੰਮ੍ਰਿਤਸਰ ਸਥਿਤ ਕਿਲ੍ਹਾ ਗੋਬਿੰਦਗੜ੍ਹ, ਰਾਮ ਬਾਗ (ਕੰਪਨੀ ਬਾਗ), ਪੁੱਲ ਮੋਰਾਂ, ਬਟਾਲਾ ਦਾ ਜਲ ਮਹਿਲ, ਮਹਾਰਾਜਾ ਸ਼ੇਰ ਸਿੰਘ ਪੈਲੇਸ, ਦੀਨਾਨਗਰ ਦੀ ਬਾਰਾਂਦਰੀ, ਫਿਲੌਰ ਦਾ ਕਿਲ੍ਹਾ, ਰੋਪੜ ਸਥਿਤ ਸਰਕਾਰ-ਏ-ਖ਼ਾਲਸਾ ਦੀ ਚੌਂਕੀ ਅਤੇ ਸੰਧੀ ਸਥਾਨ ਸਮੇਤ ਹੋਰ ਇਤਿਹਾਸਕ ਸਥਾਨਾਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਅਪੀਲ ਕੀਤੀ।

ਅਹੁਦੇਦਾਰਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਇਤਿਹਾਸਕ ਯਾਦਗਾਰਾਂ ਅੱਜ ਖ਼ਸਤਾਹਾਲ ਹੋ ਚੁੱਕੀਆਂ ਹਨ ਅਤੇ ਕੁਝ ਤਾਂ ਆਪਣੀ ਹੋਂਦ ਗੁਆਉਣ ਦੀ ਕਗਾਰ 'ਤੇ ਹਨ। ਜੇਕਰ ਇਨ੍ਹਾਂ ਦੀ ਸੰਭਾਲ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਇਹ ਅਮੁੱਲੀ ਵਿਰਾਸਤ ਹਮੇਸ਼ਾ ਲਈ ਨਸ਼ਟ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਯਾਦਗਾਰਾਂ ਪੁਰਾਤੱਤਵ ਵਿਭਾਗ ਦੇ ਅਧੀਨ ਹਨ, ਪਰ ਅਜੇ ਵੀ ਕਈ ਮਹੱਤਵਪੂਰਨ ਵਿਰਾਸਤੀ ਸਥਾਨ ਵਿਭਾਗ ਦੀ ਸੁਰੱਖਿਆ ਹੇਠ ਨਹੀਂ ਹਨ। ਅਜਿਹੇ ਸਾਰੇ ਸਥਾਨਾਂ ਨੂੰ ਪੁਰਾਤੱਤਵ ਵਿਭਾਗ ਦੇ ਅਧੀਨ ਲਿਆ ਕੇ ਉਨ੍ਹਾਂ ਦੀ ਵਿਗਿਆਨਕ ਢੰਗ ਨਾਲ ਸੰਭਾਲ ਯਕੀਨੀ ਬਣਾਈ ਜਾਵੇ।

ਵਿਰਾਸਤੀ ਮੰਚ ਨੇ ਪੰਜਾਬ ਭਾਜਪਾ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਕੋਲ ਇਨ੍ਹਾਂ ਮੰਗਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਿਤ ਵਿਰਾਸਤਾਂ ਦੀ ਰੱਖਿਆ ਲਈ ਸਾਰਥਕ ਯਤਨ ਕਰਨ।

ਅਹੁਦੇਦਾਰਾਂ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਸ਼ਵ ਇਤਿਹਾਸ ਦੇ ਮਹਾਨ ਸ਼ਾਸਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਨਿਆਂ, ਧਾਰਮਿਕ ਸਹਿਣਸ਼ੀਲਤਾ ਅਤੇ ਲੋਕ-ਭਲਾਈ 'ਤੇ ਆਧਾਰਿਤ ਸ਼ਾਸਨ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਰਾਜਨੀਤਿਕ ਪਾਰਟੀਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਆਦਰਸ਼ ਦੱਸਦੀਆਂ ਹਨ, ਉਨ੍ਹਾਂ ਨੂੰ ਉਨ੍ਹਾਂ ਦੀ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਲਈ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਵਿਰਾਸਤੀ ਮੰਚ ਬਟਾਲਾ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕੋਲੋਂ ਵੀ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਗਾਰਾਂ ਨੂੰ ਸੰਭਾਲਣ ਲਈ ਵਿਸ਼ੇਸ਼ ਯਤਨ ਕੀਤੇ ਜਾਣ।

ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਅਹੁਦੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਸ਼ਮਸ਼ੇਰ ਸਿੰਘ ਮੱਲੀ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਕੌਂਸਲਰ ਦਿਲਸ਼ੇਰ ਸਿੰਘ ਚੱਠਾ, ਵੈਬੀਜੋਤ ਸਿੰਘ ਕਾਹਲੋਂ, ਵਰਿੰਦਰ ਸਿੰਘ ਅੰਮੋਨੰਗਲ, ਹਰਵਿੰਦਰ ਸਿੰਘ ਹਰਪੁਰਾ, ਅਨੁਰਾਗ ਮਹਿਤਾ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।

Virasati Manch Batala Urges Central Government to Preserve Heritage Linked to Maharaja Ranjit Singh

Appeals for Inclusion of Maharaja Ranjit Singh's Biography in School Curriculum Across India

Batala, July 19 ( ) – Virasati Manch Batala, a renowned organization dedicated to the preservation and protection of heritage, has urged the Central Government to formulate a comprehensive plan for the conservation and restoration of historical monuments and heritage sites associated with Sher-e-Punjab Maharaja Ranjit Singh across the country. The organization also appealed for the inclusion of Maharaja Ranjit Singh's biography and his illustrious legacy in school curricula throughout India so that future generations can learn about his life, his commitment to justice, religious tolerance, and welfare-oriented governance.

In a joint statement, Virasati Manch Chairman Advocate H.S. Mangat, President Baldev Singh Randhawa, and General Secretary Inderjit Singh Harpura welcomed the fact that the Punjab unit of the Bharatiya Janata Party has been highlighting the just, secular, and people-centric rule of Maharaja Ranjit Singh. They also noted that portraits of the great ruler have been presented to Prime Minister Shri Narendra Modi and Union Home Minister Shri Amit Shah.

The office-bearers stated that since the Bharatiya Janata Party is in power at the Centre as well as in several states, it should take concrete steps to give due recognition to Maharaja Ranjit Singh's legacy at the national level. They emphasized that introducing lessons on his life and administration in school education would help young people understand the vision and achievements of one of India's greatest rulers.

Virasati Manch further demanded that all historical monuments and memorials associated with Maharaja Ranjit Singh in Punjab and other parts of the country be preserved and developed. The organization specifically highlighted the need to conserve Qila Gobindgarh, Ram Bagh (Company Bagh), Pul Moran in Amritsar, Jal Mahal and Maharaja Sher Singh Palace in Batala, the Baradari at Dinanagar, Phillaur Fort, and the Sarkar-e-Khalsa outpost and Treaty Site at Rupnagar (Ropar), besides other historically significant sites.

The organization expressed concern that many of these heritage structures are in a dilapidated condition, with some on the verge of disappearing altogether. It warned that if immediate conservation measures are not undertaken, this invaluable heritage may be lost forever. The office-bearers pointed out that while some of these monuments are protected by the Archaeological Department, many significant heritage sites are still outside its jurisdiction. They urged the government to bring all such monuments under the protection of the Archaeological Department and ensure their scientific conservation and restoration.

Virasati Manch appealed to the BJP leadership in Punjab to effectively raise these issues with the Central Government and make sincere efforts to safeguard the heritage associated with Maharaja Ranjit Singh.

The organization stated that Sher-e-Punjab Maharaja Ranjit Singh is regarded as one of the greatest rulers in world history for establishing an administration founded on justice, religious harmony, and public welfare. It added that political parties which invoke his legacy as an ideal model of governance should also take meaningful steps to preserve and promote the heritage associated with his life and reign.

Virasati Manch Batala also urged Punjab Chief Minister S. Bhagwant Singh Mann to ensure that the Punjab Government undertakes special initiatives for the preservation, restoration, and promotion of the historical monuments and memorials associated with Maharaja Ranjit Singh.

Among those present on the occasion were Kulwinder Singh Ladi Jassal, Shamsher Singh Malli, Sher-e-Punjab Singh Kahlon, Councillor Dilsher Singh Chattha, Vaibjyot Singh Kahlon, Varinder Singh Ammonangal, Harvinder Singh Harpura, Anurag Mehta, and other members of Virasati Manch Batala.

ਵਿਰਾਸਤੀ ਮੰਚ, ਬਟਾਲਾ ਅਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ...
29/06/2026

ਵਿਰਾਸਤੀ ਮੰਚ, ਬਟਾਲਾ ਅਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਢਾਡੀ ਜਥੇ ਅਤੇ ਵੱਖ-ਵੱਖ ਬੁਲਾਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਰੌਸ਼ਨੀ ਪਾਈ

ਦੀਨਾਨਗਰ/ਗੁਰਦਾਸਪੁਰ, 29 ਜੂਨ ( ) - ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ਅੱਜ ਦੀਨਾਨਗਰ ਸਥਿਤ ਇਤਿਹਾਸਕ ਬਾਰਾਂਦਰੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਵਿਰਾਸਤੀ ਮੰਚ ਬਟਾਲਾ ਅਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਦੀਨਾਨਗਰ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਭ ਤੋਂ ਪਹਿਲਾਂ ਅੱਜ ਸਵੇਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਉਪਰੰਤ ਕੀਰਤਨੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਭੇਜੇ ਗਏ ਪੰਥ ਪ੍ਰਸਿੱਧ ਢਾਡੀ ਜਥੇ ਭਾਈ ਗੁਰਸੇਵਕਜੀਤ ਸਿੰਘ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਪ੍ਰਸੰਗ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ।

ਇਸ ਮੌਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਰਾਸਤੀ ਮੰਚ, ਬਟਾਲਾ ਦੇ ਸਰਪ੍ਰਸਤ ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਦਾ ਟੀਚਾ ਇਸ ਇਤਿਹਾਸਕ ਇਮਾਰਤ ਨੂੰ ਮੁੜ ਸੁਰਜੀਤ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਆਪਣੇ ਕੌਮੀ ਨਾਇਕਾਂ ਨੂੰ ਯਾਦ ਰੱਖਣਾ ਅਤੇ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣਾ ਸਾਡਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਦੀਨਾਨਗਰ ਦੀ ਇਸ ਇਤਿਹਾਸਕ ਬਾਰਾਂਦਰੀ ਦੀ ਤੁਰੰਤ ਸੰਭਾਲ ਕਰਕੇ ਇਸ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾਵੇ।

ਇਸ ਮੌਕੇ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ ਅਤੇ ਇੱਕ ਵਿਸ਼ਾਲ ਖਿੱਤੇ ਉੱਪਰ ਉਨ੍ਹਾਂ ਨੇ ਆਪਣੀ ਕਾਬਲੀਅਤ ਨਾਲ ਰਾਜ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਭ ਦਾ ਸਾਂਝਾ ਰਾਜ ਸੀ ਅਤੇ ਏਹੀ ਕਾਰਨ ਹੈ ਕਿ ਉਸਦੇ ਹਲੀਮੀ ਰਾਜ ਦੀਆਂ ਅੱਜ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਆਪਣੇ ਇਤਿਹਾਸ ਦੀਆਂ ਵਿਰਾਸਤਾਂ ਨੂੰ ਬਚਾਉਣ ਲਈ ਯਤਨ ਕਰਦਾ ਰਹੇਗਾ।

ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਬਾੜਾ ਨੇ ਕਿਹਾ ਕਿ ਵਿਰਾਸਤੀ ਇਮਾਰਤਾਂ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਤੇ ਮਹਾਨ ਨਾਇਕਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਜ਼ਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਡੇ ਦੇਸ਼ ਤੇ ਕੌਮ ਦਾ ਮਾਣ ਹਨ ਅਤੇ ਉਨ੍ਹਾਂ ਦੇ ਰਾਜ ਨੇ ਪੂਰੀ ਦੁਨੀਆਂ ਵਿੱਚ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਨਾਨਗਰ ਸਥਿਤ ਇਤਿਹਾਸਕ ਬਾਰਾਂਦਰੀ ਦੀ ਸੰਭਾਲ ਲਈ ਸੰਗਤਾਂ ਦੇ ਸਹਿਯੋਗ ਨਾਲ ਯਤਨ ਕੀਤੇ ਜਾਣਗੇ।

ਇਸ ਦੌਰਾਨ ਉੱਘੇ ਵਿਦਵਾਨ ਅਤੇ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿਲੋਂ ਅਤੇ ਬ੍ਰਿਗੇਡੀਅਰ ਉਲੰਪੀਅਨ ਹਰਚਰਨ ਸਿੰਘ ਨੇ ਵੀ ਬੜੇ ਹੀ ਵਧੀਆ ਢੰਗ ਨਾਲ ਸ਼ੇਰੇ ਪੰਜਾਬ ਦੇ ਜੀਵਨ ਦੇ ਅਹਿਮ ਪਹਿਲੂਆਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸੰਗਤ ਲਈ ਠੰਡੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਲੰਗਾਹ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਸ਼ਾਮਪੁਰਾ, ਪਾਲ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਸਪਾਲ ਸਿੰਘ ਨਕਈਆ, ਅਮਰੀਕ ਸਿੰਘ ਆਲੀਚੱਕ, ਰਜਿੰਦਰ ਸਿੰਘ ਬਹਿਰਾਮਪੁਰ, ਨਿਰਮਲ ਖਲੀਲਪੁਰ, ਦਰਬਾਰਾ ਸਿੰਘ ਜਕਰੀਆ, ਵਿਰਾਸਤੀ ਮੰਚ ਬਟਾਲਾ ਦੇ ਸੀਨੀਅਰ ਵਾਈਸ ਪ੍ਰਧਾਨ ਸ਼ਮਸ਼ੇਰ ਸਿੰਘ ਮੱਲ੍ਹੀ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ, ਪ੍ਰਿੰਸਪਾਲ ਸਿੰਘ ਚੱਠਾ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਬਲਕਾਰ ਸਿੰਘ, ਹਰਬਖਸ਼ ਸਿੰਘ, ਲੈਕਚਰਾਰ ਜਸਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਵੀ ਹਾਜ਼ਰ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ’ਤੇ ਵਿਸ਼ੇਸ਼ਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੜਿਆ,ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ........
29/06/2026

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 187ਵੀਂ ਬਰਸੀ ’ਤੇ ਵਿਸ਼ੇਸ਼

ਕੱਲਾ ਸ਼ੇਰ ਨਹੀਂ ਚਿਖਾ ਵਿੱਚ ਸੜਿਆ,
ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ.....

28 ਜੂਨ 1839 ਦੇ ਦਿਨ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਬਾਹਰਵਾਰ ਚੰਦਨ ਦੀ ਲੱਕੜੀ ਦੀ ਇੱਕ ਵੱਡੀ ਸਾਰੀ ਚਿਤਾ ਸਜਾਈ ਗਈ। ਇਸ ਚਿਤਾ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਹ ਨੂੰ ਲਿਟਾਇਆ ਗਿਆ। ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀ ਪੁੱਤਰੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ‘ਗੱਦਾਨ’ ਚਿਤਾ ਵਿੱਚ ਬੈਠ ਗਈ ਅਤੇ ਉਸਨੇ ਮ੍ਰਿਤਕ ਰਣਜੀਤ ਸਿੰਘ ਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ। ਚਿਤਾ ਉੱਤੇ 3 ਹੋਰ ਰਾਣੀਆਂ ਅਤੇ 7 ਦਾਸੀਆਂ ਵੀ ਮ੍ਰਿਤਕ ਦੇਹ ਦੇ ਉਦਾਲੇ ਬੈਠ ਗਈਆਂ। ਕਰੀਬ 40 ਸਾਲ ਪਹਿਲਾਂ ਲਾਹੌਰ ਵਿੱਚ ਇੱਕ ਜੇਤੂ ਵਜੋਂ ਪ੍ਰਵੇਸ਼ ਕਰਨ ਵਾਲੇ ਮਹਾਨ ਜਰਨੈਲ ਮਹਾਰਾਜਾ ਰਣਜੀਤ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਸੀ ਬਲਕਿ ਇੱਕ ਸੁਨਹਿਰੀ ਯੁੱਗ ਦਾ ਅੰਤ ਸੀ।

ਇਤਿਹਾਸਕਾਰ ਖੁਸ਼ਵੰਤ ਸਿੰਘ ਆਪਣੀ ਪੁਸਤਕ ਦਾ ਹਿਸਟਰੀ ਵਿੱਚ ਸਿੱਖਸ ਵਿੱਚ ਲਿਖਦੇ ਹਨ ਕਿ ਉਸ ਦਿਨ ਬ੍ਰਾਹਮਣਾਂ ਨੇ ਸ਼ਾਸਤਰਾਂ ਅਨੁਸਾਰ ਪੂਜਾ-ਪਾਠ ਕੀਤਾ। ਸਿੱਖ ਉਪਦੇਸ਼ਕਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ। ਮੁਸਲਮਾਨਾਂ ਨੇ ਵੀ “ਯਾ ਅੱਲਾਹ” “ਯਾ ਅੱਲਾਹ” ਕਹਿ ਕੇ ਉਨ੍ਹਾਂ ਦਾ ਸਾਥ ਦਿੱਤਾ। ਪੂਜਾ-ਪਾਠ ਤੇ ਅਰਦਾਸਾਂ ਦਾ ਸਿਲਸਿਲਾ ਇੱਕ ਘੰਟੇ ਲਈ ਚੱਲਦਾ ਰਿਹਾ। ਭਾਈ ਗੁਰਮੁੱਖ ਸਿੰਘ ਨੇ ਕੰਵਰ ਖੜਕ ਸਿੰਘ ਨੂੰ ਬੇਨਤੀ ਕੀਤੀ ਕਿ ਰਾਣੀਆਂ ਨੂੰ ਸਤੀ ਹੋਣ ਤੋਂ ਰੋਕਿਆ ਜਾਵੇ। ਕੰਵਰ ਖੜਕ ਸਿੰਘ ਨੇ ਰਾਣੀਆਂ ਦੇ ਪੈਰੀਂ ਪੈ ਕੇ ਸਤੀ ਹੋਣ ਤੋਂ ਰੋਕਣ ਦੀ ਬੇਨਤੀ ਕੀਤੀ ਪਰ ਉਨ੍ਹਾਂ ਨੇ ਸਿਰ ’ਤੇ ਸਿਵਾਏ ਹੱਥ ਰੱਖ ਕੇ ਅਸੀਸ ਦੇਣ ਤੋਂ ਹੋਰ ਕੁਝ ਨਾ ਕਿਹਾ।

ਡਾ. ਹੋਨੀਬਰਗਰ ਅੱਗੋਂ ਦੱਸਦਾ ਹੈ ਕਿ 10:00 ਵਜੇ ਸਵੇਰੇ ਬ੍ਰਾਹਮਣਾਂ ਵੱਲੋਂ ਨਿਸ਼ਚਿਤ ਸਮੇਂ ਅਨੁਸਾਰ ਕੰਵਰ ਖੜਕ ਸਿੰਘ ਨੇ ਚਿਤਾ ਨੂੰ ਅਗਨੀ ਵਿਖਾਈ ਅਤੇ ਪੰਜਾਬ ਦਾ ਹਾਕਮ 4 ਰਾਣੀਆਂ ਅਤੇ 7 ਗੋਲੀਆਂ ਨਾਲ ਖ਼ਾਕ ਦੀ ਢੇਰੀ ਬਣ ਗਿਆ। ਬਲਦੀ ਚਿਤਾ ਉੱਪਰ ਅਕਾਸ਼ ਵਿੱਚ ਇੱਕ ਬੱਦਲੀ ਆਈ, ਕੁਝ ਕਣੀਆਂ ਵਰ੍ਹੀਆਂ ਤੇ ਮੌਸਮ ਸਾਫ਼ ਹੋ ਗਿਆ। ਹੁਣ ਬਿਨਾਂ ਭਾਣਾ ਮੰਨਣ ਦੇ ਹੋਰ ਕੋਈ ਚਾਰਾ ਨਹੀਂ ਸੀ। ਰੋਣ, ਪਿੱਟਣ ਤੇ ਵਿਰਲਾਪ ਮਹਿਲਾਂ ਵਿੱਚ ਸਾਰੇ ਪਾਸੇ ਪਸਰ ਗਿਆ। ਵੱਖ-ਵੱਖ ਧਰਮਾਂ ਦੇ ਲੋਕਾਂ ਵਿੱਚ ਵੀ ਵਿਰਲਾਪ ਤੇ ਕੁਰਲਾਟ ਮੱਚੀ ਹੋਈ ਸੀ। ਚੌਥੇ ’ਤੇ 30 ਜੂਨ ਨੂੰ ਫੁੱਲ ਚੁਗੇ ਗਏ। ਕੁਝ ਫੁੱਲ ਕੀਰਤਪੁਰ ਸਾਹਿਬ ਵਿਖੇ ਪਾਏ ਗਏ ਸਨ ਅਤੇ ਕੁਝ ਫੁੱਲ ਹਰ‌ਿਦੁਆਰ ਵਿਖੇ ਗੰਗਾ ਨਦੀ ਵਿੱਚ ਪਾਏ ਗਏ।

ਪੰਜਾਬ ਦੇ ਇਤਿਹਾਸ ਵਿੱਚ ਇੱਕ ਮਹਾਨ ਪੁਰਸ਼ ਦਾ ਅੰਤ ਹੋ ਚੁੱਕਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਪੰਜਾਬ ਦੇ ਇਤਿਹਾਸ ਵਿਚ ਰਣਜੀਤ ਸਿੰਘ ਵਾਂਗ ਕਿਸੇ ਵਿਅਕਤੀ ਨੇ ਲੋਕਾਂ ਦੀ ਭਾਵਨਾਵਾਂ ਨੂੰ ਨਹੀਂ ਉਭਾਰਿਆ। ਉਹਦੀ ਦਿੱਖ ਵਿੱਚ ਉਸ ਨੂੰ ਲੋਕ-ਪ੍ਰਿਆ ਬਣਾਉਣ ਵਾਲੀ ਕੋਈ ਗੱਲ ਨਹੀਂ ਸੀ। ਉਸਦਾ ਕੱਦ ਦਰਮਿਆਨਾ ਸੀ ਤੇ ਰੰਗ ਸਾਂਵਲਾ ਸੀ, ਉਹਦੀ ਲੰਬੀ ਸਫ਼ੈਦ ਦਾਹੜੀ ਸੀ ਅਤੇ ਚਿਹਰੇ ਉੱਪਰ ਮਾਤਾ ਦੇ ਦਾਗ਼ ਸਨ। ਉਹਦੀ ਅੰਨ੍ਹੀ ਅੱਖ ਖੁੱਲ੍ਹੇ ਜ਼ਖ਼ਮ ਵਾਂਗ ਸੀ। ਐਂਮਿਲੀ ਈਡਨ ਜਿਸ ਨੇ ਰਣਜੀਤ ਸਿੰਘ ਨਾਲ ਮੁਲਾਕਾਤ ਕੀਤੀ ਹੋਈ ਸੀ ਉਹ ਲਿਖਦੀ ਹੈ ਕਿ ਬਾਵਜੂਦ ਉਹਦੀ ਪ੍ਰਭਾਵ ਰਹਿਤ ਸ਼ਕਲ ਸੂਰਤ ਦੇ ਉਸਦਾ ਚਿਹਰਾ ਸਜੀਵ ਤੇ ਪ੍ਰੇਰਨਾਦਾਇਕ ਤੇ ਹਸੂੰ-ਹਸੂੰ ਕਰਦਾ ਸੀ। ਜਿਹੜੇ ਵੀ ਲੋਕ ਉਸ ਨੂੰ ਮਿਲਦੇ, ਉਸ ਦੇ ਹੀ ਹੋ ਕੇ ਰਹਿ ਜਾਂਦੇ ਸਨ।

ਫ਼ਕੀਰ ਅਜੀਜ਼-ਉਦ-ਦੀਨ ਜੋ 1831 ਵਿੱਚ ਸ਼ਿਮਲੇ ਇੱਕ ਪ੍ਰਤੀਨਿਧ ਮੰਡਲ ਦਾ ਨੇਤਾ ਬਣ ਕੇ ਲਾਰਡ ਵਿਲੀਅਮ ਬੈਂਟਿਕ ਕੋਲ ਮੁਲਾਕਾਤ ਲਈ ਗਿਆ ਤਾਂ ਗਵਰਨਰ ਜਨਰਲ ਦੇ ਇੱਕ ਅਧਿਕਾਰੀ ਨੇ ਉਸ ਨੂੰ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਕਾਣੀ ਹੈ ਤਾਂ ਫ਼ਕੀਰ ਨੇ ਉੱਤਰ ਦਿੱਤਾ ਕਿ ਮਹਾਰਾਜੇ ਦੇ ਚਿਹਰੇ ਦਾ ਪ੍ਰਤਾਪ ਹੀ ਏਨਾ ਹੈ ਕਿ ਮੈਂ ਕਦੇ ਇਹ ਵੇਖਣ ਲਈ ਨਜ਼ਦੀਕ ਹੀ ਨਹੀਂ ਜਾ ਸਕਿਆ।

ਬਾਵਜੂਦ ਛੋਟੇ ਕੱਦ ਤੇ ਪਤਲੇ ਸਰੀਰ ਦੇ ਰਣਜੀਤ ਸਿੰਘ ਇਤਨਾ ਮਜ਼ਬੂਤ ਤੇ ਲਚਕੀਲਾ ਸੀ ਜਿਵੇਂ ਉਹ ਛਾਂਟੇ ਵਾਲੀ ਰੱਸੀ ਦਾ ਬਣਿਆ ਹੋਵੇ। ਉਹ ਇੱਕ ਸਰਵੋਤਮ ਘੋੜ ਸਵਾਰ ਸੀ। ਘੋੜ ਸਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਆਵੇਗ ਸੀ, ਇਸ ਲਈ ਘੋੜੇ ਦੀ ਸਵਾਰੀ ਕਰਦਾ-ਕਰਦਾ ਦਸ-ਦਸ ਘੰਟੇ ਕਾਠੀ ’ਤੇ ਹੀ ਰਹਿੰਦਾ। ਰਣਜੀਤ ਸਿੰਘ ਭਾਵੇਂ ਆਪ ਬਦਸੂਰਤ ਸੀ ਪਰ ਉਹ ਸੁੰਦਰ ਚੀਜ਼ਾਂ ਦਾ ਪ੍ਰੇਮੀ ਸੀ। ਉਸਦੇ ਦੁਆਲੇ ਸੁੰਦਰ ਆਦਮੀਆਂ ਤੇ ਇਸਤਰੀਆਂ ਦਾ ਝੁਰਮਟ ਰਹਿੰਦਾ ਸੀ। ਉਹਦੇ ਕੱਪੜੇ ਅਤਿਅੰਤ ਸਾਦੇ ਹੁੰਦੇ ਸਨ। ਸਿਆਲ ਵਿੱਚ ਉਹ ਕੇਸਰੀ ਕਸ਼ਮੀਰੀ ਉੱਨ ਦੇ ਕੱਪੜੇ ਪਾਉਂਦਾ ਤੇ ਗਰਮੀ ਦੀ ਰੁੱਤ ਵਿੱਚ ਮਲਮਲ ਦੇ ਕੱਪੜੇ ਪਹਿਨਦਾ, ਪਰ ਉਹ ਆਪਣੇ ਦਰਬਾਰੀਆਂ ਤੇ ਮੁਲਾਕਾਤੀਆਂ ਤੋਂ ਆਸ ਕਰਦਾ ਸੀ ਕਿ ਉਹ ਸ਼ਾਨੋ-ਸ਼ੌਕਤ ਨਾਲ ਸ਼ਾਹੀ ਲਿਬਾਸ ਤੇ ਗਹਿਣਿਆਂ ਨਾਲ ਸਜੇ ਹੋਣ। ਉਸ ਦੇ ਕੋਲ ਕਸ਼ਮੀਰੀ ਲੜਕੀਆਂ ਦੀ ਟੋਲੀ ਹੁੰਦੀ ਸੀ ਜੋ ਸੈਨਿਕਾਂ ਦੇ ਵਸਤਰਾਂ ਵਿੱਚ ਉਹਦੇ ਨਾਲ ਹੀ ਰਸਮੀ ਮੌਕਿਆਂ ’ਤੇ ਉਹਦੇ ਨਾਲ ਘੋੜਿਆਂ ’ਤੇ ਸਵਾਰ ਹੋ ਕੇ ਜਾਂਦੀ।

ਮਹਾਰਾਜਾ ਰਣਜੀਤ ਸਿੰਘ ਦੀ ਸੁੰਦਰਤਾ ਪ੍ਰਤੀ ਪ੍ਰਸ਼ੰਸਾ ਮਨੁੱਖਾਂ ਤੱਕ ਹੀ ਸੀਮਤ ਨਹੀਂ ਸੀ, ਉਹ ਖੁੱਲ੍ਹੇ ਖੇਤਾਂ ਨੂੰ ਪਿਆਰ ਕਰਦਾ ਸੀ ਤੇ ਸਵੇਰ ਵੇਲੇ ਉਹ ਘੋੜੇ ਦੀ ਅਸਵਾਰੀ ਕਰਕੇ ਦਰਿਆ ਜਾਂ ਕਿਸੇ ਬਾਗ ਵੱਲ ਨਿਕਲ ਜਾਂਦਾ। ਜਦੋਂ ਕਦੇ ਕਾਲੇ ਬੱਦਲ ਆਕਾਸ਼ ’ਤੇ ਛਾ ਜਾਣੇ ਜਾਂ ਵਰਖਾ ਸ਼ੁਰੂ ਹੋ ਜਾਣੀ ਤਾਂ ਉਸਨੇ ਸਭ ਕੰਮ ਬੰਦ ਕਰ ਦੇਣੇ ਅਤੇ ਜਸ਼ਨ ਮਨਾਉਣ ਲੱਗ ਜਾਂਦਾ। ਏਕਮ ਦਾ ਚੰਦ ਦੇਖ ਕੇ ਉਹ ਖ਼ੁਸ਼ੀ ਵਿੱਚ ਨੱਚਣ ਲੱਗਦਾ ਤੇ ਉਸਦੇ ਚੜ੍ਹਨ ’ਤੇ ਉਹ ਤੋਪ ਦੀ ਸਲਾਮੀ ਦੇਣ ਦਾ ਹੁਕਮ ਦੇ ਦਿੰਦਾ। ਮੁਗ਼ਲਾਂ ਦਾ ਬਾਗ ਸ਼ਾਲਾਮਾਰ (ਜਿਸ ਦਾ ਨਾਮ ਉਸ ਨੇ ਨਵੇਂ ਸਿਰਿਓਂ ਸ਼ਾਲਾਬਾਗ (ਪ੍ਰੇਮੀਆਂ ਦਾ ਬਾਗ) ਰੱਖਿਆ ਸੀ) ਉਸਦਾ ਮਨਪਸੰਦ ਟਿਕਾਣਾ ਸੀ, ਜਿੱਥੇ ਉਹ ਚੱਲਦੇ ਫੁਹਾਰਿਆਂ ਵਿੱਚ ਆਰਾਮ ਕਰਦਾ ਅਤੇ ਆਪਣੇ ਮਨਪਸੰਦ ਬੰਸਰੀ ਵਾਦਕ ਅਤਰ ਖਾਂ ਨੂੰ ਸੁਣਦਾ ਜਾਂ ਨਾਚ ਦੇਖਦਾ।

ਇਸ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਵਿਦਵਾਨਾਂ ਦਾ ਕਦਰਦਾਨ ਸੀ। ਭਾਵੇਂ ਉਹ ਬਾਦਸ਼ਾਹ ਬਣ ਗਿਆ ਸੀ ਪਰ ਫਿਰ ਵੀ ਉਸਦਾ ਆਮ ਲੋਕਾਂ ਨਾਲੋਂ ਸੰਪਰਕ ਨਹੀਂ ਟੁੱਟਿਆ ਸੀ ਤੇ ਨਾ ਹੀ ਉਹਦੀ ਕਿਸਾਨਾਂ ਨਾਲ ਹਮਦਰਦੀ ਘਟੀ ਸੀ, ਜਿਨ੍ਹਾਂ ਵਿਚੋਂ ਉਹ ਪੈਦਾ ਹੋਇਆ ਸੀ। ਉਹ ਸਜ਼ਾ ਦੇਣ ਤੋਂ ਨਫ਼ਰਤ ਕਰਦਾ ਸੀ ਅਤੇ ਉਸਨੇ ਸਾਰੀ ਉਮਰ ਵਿੱਚ ਇੱਕ ਵੀ ਵਿਅਕਤੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਸੀ।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨ ਵਾਲਾ ਸੀ। ਉਹ ਕਹਿੰਦਾ ਹੁੰਦਾ ਸੀ ਕਿ “ਪ੍ਰਮਾਤਮਾ ਦੀ ਰਜ਼ਾ ਸੀ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਵੇਖਾਂ, ਇਹੋ ਕਾਰਨ ਹੈ ਕਿ ਉਸਨੇ ਮੇਰੀ ਦੂਸਰੀ ਅੱਖ ਦੀ ਰੌਸ਼ਨੀ ਖੋਹ ਲਈ”। ਉਸਦਾ ਪ੍ਰਧਾਨ ਮੰਤਰੀ ਧਿਆਨ ਸਿੰਘ ਡੋਗਰਾ ਹਿੰਦੂ ਸੀ ਅਤੇ ਵਿਦੇਸ਼ ਮੰਤਰੀ ਫ਼ਕੀਰ-ਉੱਦ-ਦੀਨ ਇੱਕ ਮੁਸਲਮਾਨ ਸੀ। ਉਸਦਾ ਵਿੱਤ ਮੰਤਰੀ ਦੀਨਾ ਨਾਥ ਇੱਕ ਬ੍ਰਾਹਮਣ ਸੀ। ਉਸਦੇ ਕਈ ਜਰਨੈਲ ਪੱਛਮੀ ਦੇਸ਼ਾਂ ਦੇ ਈਸਾਈ ਧਰਮ ਨਾਲ ਸਬੰਧਿਤ ਸਨ। ਉਸਨੇ ਗੁਰਦੁਆਰਿਆਂ ਦੇ ਨਾਲ ਮੰਦਰਾਂ ਤੇ ਮਸੀਤਾਂ ਉੱਪਰ ਕਾਫ਼ੀ ਧਨ ਖ਼ਰਚਿਆ।

ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਮੇਜਰ ਲਾਰੰਸ ਨੂੰ ਇੱਕ ਖ਼ਤ ਲਿਖਿਆ ਸੀ ਜਿਸ ਵਿੱਚ ਉਸਨੇ ਆਪਣੇ ਬਾਰੇ ਅਤੇ ਆਪਣੀ ਬਾਦਸ਼ਾਹੀ ਬਾਰੇ ਬਹੁਤ ਖ਼ੂਬਸੂਰਤ ਵਰਣਨ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਲਿਖਦੇ ਹਨ ਕਿ “ਮੇਰੀ ਬਾਦਸ਼ਾਹੀ ਇੱਕ ਮਹਾਨ ਬਾਦਸ਼ਾਹੀ ਹੈ, ਪਹਿਲਾਂ ਇਹ ਨਿੱਕੀ ਜਿਹੀ ਸੀ, ਹੁਣ ਇਹ ਵੱਡੀ ਤੇ ਵਿਸ਼ਾਲ ਹੈ, ਪਹਿਲਾਂ ਇਹ ਛਿੰਨ-ਭਿੰਨ, ਟੁੱਟੀ-ਭੱਜੀ ਤੇ ਵੰਡੀ ਵਿਹਾਜੀ ਹੋਈ ਸੀ, ਹੁਣ ਇਹ ਬਿਲਕੁਲ ਸੰਗਠਿਤ ਹੈ। ਇਸ ਨੂੰ ਹੋਰ ਉੱਨਤ ਤੇ ਪ੍ਰਫੁੱਲਿਤ ਹੋਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਵਿੱਚ ਇਸੇ ਤਰ੍ਹਾਂ ਸੰਪੂਰਨ ਤੇ ਸੰਗਠਿਤ ਰੂਪ ਵਿੱਚ ਮਿਲਣੀ ਚਾਹੀਦੀ ਹੈ। ਤੈਮੂਰ ਦੇ ਸਿਧਾਂਤਾਂ ਤੇ ਨੇਮਾਂ ਨੇ ਮੇਰੀ ਅਗਵਾਈ ਕੀਤੀ ਹੈ, ਜਿਵੇਂ ਉਹ ਐਲਾਨ ਕਰਦਾ ਸੀ ਤੇ ਹੁਕਮ ਦਿੰਦਾ ਸੀ, ਮੈਂ ਵੀ ਓਵੇਂ ਹੀ ਕੀਤਾ ਹੈ। ਮੈਂ ਇਹ ਰਾਜ-ਭਾਗ ਵਾਹਿਗੁਰੂ ਦੀ ਮਿਹਰ ਤੇ ਉਸਦੇ ਬਖ਼ਸ਼ੇ ਹੋਏ ਬਲ ਤੇ ਬੁੱਧੀ ਰਾਹੀਂ ਫ਼ਤਿਹ ਕੀਤਾ ਹੈ। ਮੈਂ ਆਪਣੀ ਹਕੂਮਤ ਨੂੰ ਉਦਾਰਤਾ, ਜ਼ਬਤ ਤੇ ਨੀਤੀ ਨਾਲ ਬਕਾਇਦਾ ਤੇ ਸੰਗਠਿਤ ਬਣਾਇਆ ਹੈ। ਮੈਂ ਦਲੇਰ ਲੋਕਾਂ ਨੂੰ ਇਨਾਮ ਦਿੱਤੇ ਹਨ, ਯੋਗਤਾ ਨੂੰ ਜਿੱਥੇ ਤੇ ਜਦੋਂ ਵੀ ਉਹ ਨਜ਼ਰ ਆਈ ਹੈ, ਉਤਸ਼ਾਹਿਤ ਕੀਤਾ ਹੈ ਅਤੇ ਰਣਭੂਮੀ ਵਿੱਚ ਸੂਰਬੀਰਾਂ ਨੂੰ ਵਡਿਆਇਆ ਹੈ। ਮੈਂ ਸਭ ਖ਼ਤਰਿਆਂ ਤੇ ਥਕੇਵਿਆਂ ਵਿੱਚ ਆਪਣੀ ਫ਼ੌਜ ਦੇ ਅੰਗ-ਸੰਗ ਰਿਹਾ ਹਾਂ। ਮੈਂ ਪੱਖਪਾਤੀ ਰੁਚੀ ਨੂੰ ਨਾ ਮੰਤਰੀ ਮੰਡਲ ਵਿੱਚ ਤੇ ਨਾ ਹੀ ਕਦੇ ਰਣਭੂਮੀ ਵਿੱਚ ਆਪਣੇ ਹਿਰਦੇ ਅੰਦਰ ਦਾਖਲ ਹੋਣ ਦਿੱਤਾ ਹੈ। ਮੈਂ ਆਪਣੀ ਸੁੱਖ-ਸੁਵਿਧਾ ਵੱਲੋਂ ਸਦਾ ਬੇਧਿਆਨਾ ਰਿਹਾ ਹਾਂ ਤੇ ਸ਼ਹਿਨਸ਼ਾਹੀ ਖ਼ਿਲਅਤ ਪਹਿਨਣ ਦੇ ਨਾਲ-ਨਾਲ ਮੈਂ ਲੋਕਾਂ ਲਈ ਚਿੰਤਾ ਤੇ ਖ਼ਬਰਦਾਰੀ ਦਾ ਵੇਸ ਹੁਸ਼ਿਆਰੀ ਨਾਲ ਪਹਿਨਿਆ ਹੈ। ਮੈਂ ਫ਼ਕੀਰਾਂ ਤੇ ਧਰਮੀ ਪੁਰਸ਼ਾਂ ਦੀ ਸੇਵਾ ਕਰਦਾ ਰਿਹਾ ਹਾਂ ਅਤੇ ਉਨ੍ਹਾਂ ਦੀਆਂ ਅਸੀਸਾਂ ਪ੍ਰਾਪਤ ਕਰਦਾ ਰਿਹਾ ਹਾਂ। ਮੈਂ ਦੋਸ਼ੀਆਂ ਨੂੰ ਵੀ ਨਿਰਦੋਸ਼ਾਂ ਵਾਂਗ ਹੀ ਬਖ਼ਸ਼ ਦਿੰਦਾ ਰਿਹਾ ਹਾਂ ਅਤੇ ਜਿਹੜੇ ਬੰਦਿਆਂ ਨੇ ਮੇਰੀ ਜ਼ਾਤ ਵਿਰੁੱਧ ਵੀ ਹੱਥ ਉਠਾਇਆ ਹੈ, ਉਨ੍ਹਾਂ ਉੱਪਰ ਵੀ ਮੈਂ ਦਇਆ ਕੀਤੀ ਹੈ। ਸ੍ਰੀ ਅਕਾਲ ਪੁਰਖ ਜੀ ਆਪਣੇ ਸੇਵਕ ਉੱਤੇ ਇਸੇ ਲਈ ਦਿਆਲੂ ਰਹੇ ਹਨ ਤੇ ਉਹਦੀ ਰਾਜ ਸ਼ਕਤੀ ਵਿੱਚ ਵਾਧਾ ਕਰਦੇ ਰਹੇ ਹਨ। ਇੱਥੋਂ ਤੱਕ ਕਿ ਉਸ ਦੇ ਰਾਜ ਦਾ ਵਿਸਤਾਰ ਹੁਣ ਚੀਨ ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਤੱਕ ਹੋ ਗਿਆ ਹੈ ਤੇ ਇਸ ਵਿੱਚ ਸਤਲੁਜੋਂ ਪਾਰ ਦੀਆਂ ਉਪਜਾਊ ਬਸਤੀਆਂ ਵੀ ਸ਼ਾਮਿਲ ਹਨ”।

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅਕਾਲ ਚਲਾਣਾ ਪੰਜਾਬ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਸੀ। ਉਸ ਦਿਨ ਲਾਹੌਰ ਦਰਬਾਰ ਦੀ ਹਰ ਅੱਖ ਰੋਈ ਸੀ। ਰਣਜੀਤ ਸਿੰਘ ਨੇ ਪੰਜ ਦਰਿਆਵਾਂ ਦੀ ਧਰਤੀ ਉੱਪਰ ਆਪਣੀ ਅਜਿਹੀ ਛਾਪ ਛੱਡੀ ਜੋ ਕਦੇ ਮਿਟ ਨਹੀਂ ਸਕੇਗੀ। ਮਹਾਰਾਜਾ ਰਣਜੀਤ ਸਿੰਘ ਬਾਰੇ ਉਸਦੇ ਸਮਕਾਲੀ ਵਿਦੇਸ਼ੀ ਲੇਖਕ ਉਹਦੀ ਸ਼ਖ਼ਸੀਅਤ ਤੇ ਗੁਣਾ ਬਾਰੇ ਖੁੱਲ ਕੇ ਲਿਖਦੇ ਹਨ।

ਸਰਕਾਰ ਅੰਗਰੇਜ਼ੀ ਦੇ ਗਵਰਨਰ ਜਨਰਲ ਆਫ਼ ਇੰਡੀਆ ਦੇ ਮਿਲਟਰੀ ਸਕੱਤਰ ਡਬਲਿਊ.ਜੀ. ਓਸਬੋਰਨ ਨੇ ਆਪਣੇ ਵੱਡੇ ਅਫ਼ਸਰਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸਬੰਧੀ ਚਿੱਠੀ 'ਚ ਲਿਖਿਆ ਸੀ, "ਮਹਾਰਾਜਾ ਇੱਕ ਬੁੱਢੇ ਸ਼ੇਰ ਦੀ ਤਰਾਂ ਹੀ ਮਰਿਆ ਹੈ ਜਿਵੇਂ ਕਿ ਉਹ ਸਾਰੀ ਉਮਰ ਜੀਵਿਆ ਸੀ। ਉਸਦੇ ਸਾਰੇ ਮੰਤਰੀ, ਫ਼ੌਜੀ ਜਰਨੈਲ ਤੇ ਹੋਰ ਅਫ਼ਸਰ ਉਸਦੇ ਆਖ਼ਰੀ ਸਾਹ ਤੱਕ ਉਸਦਾ ਹੁਕਮ ਮੰਨਦੇ ਰਹੇ, ਜੋ ਕਿ ਇਸ ਖ਼ਿੱਤੇ ਦੇ ਰਾਜਿਆਂ ਦੇ ਆਖ਼ਰੀ ਸਮੇਂ ਵੱਲ ਦੇਖੀਏ ਤਾਂ ਬਹੁਤ ਹੀ ਹੈਰਾਨੀ ਭਰਿਆ ਹੈ। "

ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਸ਼ਖ਼ਸੀਅਤ ਬਾਰੇ ਕੁਝ ਹੋਰ ਲੇਖਕਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਟੀ.ਐੱਚ. ਬੌਰਟਨ ਮਹਾਰਾਜਾ ਰਣਜੀਤ ਸਿੰਘ ਦੀ ਤੁਲਨਾ ਮੁਹੰਮਦ ਅਲੀ ਅਤੇ ਨਪੋਲੀਅਨ ਨਾਲ ਕਰਦਾ ਹੈ । ਮਿਸਟਰ ਜੈਕਮੌਂਟ ਨੇ ਤਾਂ ਉਸਨੂੰ ਨਿੱਕੇ ਪੱਧਰ ਤੇ ਬੋਨਾਪਾਰਟ ਆਖਿਆ ਹੈ। ਉਸ ਵਿਚ ਕੁਝ ਗੱਲਾਂ ਇਹੋ ਜਿਹੀਆਂ ਹਨ ਜਿਹੜੀਆਂ ਇਨ੍ਹਾਂ ਦੋਹਾਂ ਨੇਤਾਵਾਂ ਨਾਲ ਮੇਲ ਖਾਂਦੀਆਂ ਹਨ, ਪਰ ਉਸ ਦੇ ਸੁਭਾਅ ਅਤੇ ਆਚਰਨ ਨੂੰ ਵੇਖਿਆ ਪਤਾ ਲਗਦਾ ਹੈ ਕਿ ਉਹ ਸ਼ਾਇਦ ਇਨ੍ਹਾਂ ਦੋਹਾਂ ਤੋਂ ਉੱਤੇ ਸੀ ਅਤੇ ਇਨ੍ਹਾਂ ਦੋਹਾਂ ਤੋਂ ਵੱਧ ਪ੍ਰਭਾਵਸ਼ਾਲੀ ਸੀ ।"

ਜਾਨ ਮਾਰਸ਼ਮੈਨ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਇਕ ਅਸਾਧਾਰਣ ਸ਼ਖ਼ਸੀਅਤ ਦਾ ਮਾਲਕ ਹੋਣ ਕਰਕੇ, ਉਹ ਆਪਣੇ ਸਮੇਂ ਵਿਚ ਕੁਸਤੁਨਤੁਨੀਆਂ ਤੋਂ ਲੈ ਕਿ ਪੀਕਿੰਗ ਤਕ ਬੇਮਿਸਾਲ ਯੋਗਤਾ ਦੇ ਕਾਰਨ ਪ੍ਰਸਿੱਧ ਸੀ। ਐਂਮਲੀ ਈਡਨ ਲਿਖਦੀ ਹੈ ਕਿ ਉਹ ਆਪਣੇ ਰਾਜ ਸਿੰਘਾਸਣ ਤੇ ਬੈਠੇ ਹੋਏ ਬਹੁਤੇ ਰੋਹਬਦਾਰ ਨਹੀਂ ਸਨ ਜਾਪਦੇ, ਜਿੰਨੇ ਘੋੜੇ ਦੀ ਪਿੱਠ ਤੇ ਬੈਠੇ ਹੋਏ ਰ੍ਹੋਬੀਲੇ ਜਵਾਨ ਲਗਦੇ ਸਨ ।

ਮੈਕਰੈਗਰ ਲਿਖਦਾ ਹੈ ਕਿ "ਮਹਾਰਾਜੇ ਦੀ ਇੱਕੋ ਅੱਖ ਹੈ, ਜਿਹੜੀ ਕਾਫ਼ੀ ਵਿਸ਼ਾਲ ਹੈ। ਲਗਦਾ ਹੈ ਉਸ ਵਿਚ ਮਸ਼ਾਲਾਂ ਦੀ ਜੋਤ ਭੜਕ ਰਹੀ ਹੈ। ਉਸ ਵਿਚ ਚਮਕ ਵੀ ਹੈ ਤੇ ਅੱਗ ਵੀ। ਜਦੋਂ ਉਹ ਖ਼ੁਸ਼ ਹੁੰਦੇ ਹਨ ਤਾਂ ਉਨ੍ਹਾਂ ਦੀ ਅੱਖ ਮਿਸ਼ਾਲ ਵਾਂਗ ਚਮਕਦੀ ਹੈ, ਜਦੋਂ ਉਹ ਕਿਸੇ ਗੱਲੋਂ ਗ਼ੁੱਸੇ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਇੱਕੋ ਅੱਖ ਸ਼ੋਹਲਾ ਬਣ ਜਾਂਦੀ ਹੈ। ਮਹਾਰਾਜਾ ਗ਼ੁੱਸੇ ਹਨ ਜਾਂ ਖ਼ੁਸ਼ ਇਹ ਉਨ੍ਹਾਂ ਦੀ ਅੱਖ ਹੀ ਦਰਸਾ ਦਿੰਦੀ ਹੈ। ਉਨ੍ਹਾਂ ਦਾ ਗੱਲ ਕਰਨ ਦਾ ਢੰਗ ਸਾਦਾ ਪਰ ਦਿਲ ਖਿਚਵਾਂ ਹੈ। ਉਨ੍ਹਾਂ ਦੀ ਬੋਲਚਾਲ ਚ ਕਦੇ ਵੀ ਕਾਹਲੀ ਜਾਂ ਘਬਰਾਹਟ ਪ੍ਰਤੀਤ ਨਹੀਂ ਹੁੰਦੀ। ਉਹ ਬਾਹਰਲੇ ਦੇਸ਼ਾਂ ਤੋਂ ਆਏ ਯਾਤਰੀਆਂ, ਏਲਚੀਆਂ ਤੇ ਸਫ਼ੀਰਾਂ ਨਾਲ ਖ਼ੁਦ ਗੱਲ ਕਰਦੇ ਹਨ । ਉਹ ਗੱਲ ਦੀ ਤਹਿ ਤੇ ਛੇਤੀ ਪਹੁੰਚ ਜਾਂਦੇ ਹਨ ।"

ਹਿਊਗਲ ਲਿਖਦਾ ਹੈ ਕਿ ਮੈ ਕਦੀ ਵੀ ਉਨ੍ਹਾਂ ਨੂੰ ਜ਼ਰੀ ਵਾਲੇ ਬਸਤਰ ਪਾਇਆਂ ਜਾਂ ਜ਼ੇਵਰ ਸਜਾਇਆ ਨਹੀਂ ਵੇਖਿਆ । ਕੋਹੇਨੂਰ ਵਾਲਾ ਬਾਜ਼ੂਬੰਦ ਵੀ ਖ਼ਾਸ ਖ਼ਾਸ ਮੌਕਿਆਂ ਤੇ ਪਾਉਂਦੇ ਸਨ। ਨਹੀਂ ਤਾਂ ਰਣਜੀਤ ਸਿੰਘ ਦੀ ਰਹਿਣੀ ਬਹਿਣੀ ਬਹੁਤ ਕਰਕੇ ਆਮ ਲੋਕਾਂ ਵਰਗੀ ਸੀ ।

ਸੱਯਦ ਵਹੀਦ-ਉਦ-ਦੀਨ ਲਿਖਦੇ ਹਨ ਕਿ "ਰਣਜੀਤ ਸਿੰਘ ਲੋਕਾਂ ਦੇ ਤਸੱਵਰ ਵਿਚ ਅੱਜ ਵੀ ਓਵੇਂ ਹੀ ਜਿਉਂਦੇ ਹਨ ਜਿਵੇਂ ਉਹ ਆਪਣੇ ਪੰਜ ਭੌਤਿਕ ਸਰੀਰ ਵੇਲੇ ਜਿਊਂਦੇ ਸਨ । ਅੱਜ ਉਹ ਸਿਰਫ਼ ਉੱਥੇ ਹੀ ਨਹੀਂ ਜਿਉਂਦੇ ਜਿੱਥੇ ਅੱਜ ਕੱਲ੍ਹ ਸਿੱਖਾਂ ਦੀ ਵਸੋਂ ਹੈ (ਭਾਰਤ) ,ਬਲਕਿ ਉੱਥੇ ਵੀ, ਜਿੱਥੇ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵੱਸ ਰਹੇ ਸਨ। ਉਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝੀ ਸ਼ਖ਼ਸੀਅਤਾਂ ਸਨ ਜਿਸ ਨੇ ਦੇਵ ਮਾਲਾਈ ਸਥਾਨ ਗ੍ਰਹਿਣ ਕਰ ਲਿਆ ਸੀ। ਇਸੇ ਲਈ ਪਾਕਿਸਤਾਨ ਬਣਨ ਸਮੇਂ ਜਦੋਂ ਸਿੱਖ ਉਸ ਦੇਸ਼ ਵਿਚੋਂ ਨਿਕਲ ਰਹੇ ਸਨ ਤਾਂ ਮੁਸਲਮਾਨਾਂ ਨੇ ਸਿੱਖਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਪਾਕਿਸਤਾਨ ਤੋਂ ਨਿਕਲਣ ਨਹੀਂ ਦਿੱਤਾ। ਉਨ੍ਹਾਂ ਦੀ ਹਰਮਨ ਪਿਆਰੀ ਤਸਵੀਰ ਲੋਕਾਂ ਦਿਆਂ ਮਨਾਂ ਚ ਹੁਣ ਵੀ ਅੰਕਿਤ ਹੈ। ਉਹ ਤਸਵੀਰ ਇਕ ਜੇਤੂ ਨਾਇਕ ਦੀ ਨਹੀਂ, ਸਗੋਂ ਇਕ ਦਿਆਲੂ ਬਾਪ ਦੀ ਹੈ ।"

27 ਜੂਨ 1839 ਦੀ ਸ਼ਾਮ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਾਲ ਸਿੱਖ ਰਾਜ ਦਾ ਸੂਰਜ ਵੀ ਡੁੱਬ ਗਿਆ। ਭਾਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਫ਼ਾਨੀ ਜਹਾਨ ਤੋਂ ਰੁਖ਼ਸਤ ਹੋਇਆਂ ਪੌਣੇ ਦੋ ਸਦੀਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪੰਜਾਬੀਆਂ ਦੇ ਦਿਲਾਂ `ਤੇ ਅਜੇ ਵੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੈ।

- ਇੰਦਰਜੀਤ ਸਿੰਘ ਹਰਪੁਰਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਅੰਮ੍ਰਿਤਸਰ।
98155-77574

Address

New Mahajan Colony
Batala
143505

Alerts

Be the first to know and let us send you an email when Inderjeet Singh Harpura posts news and promotions. Your email address will not be used for any other purpose, and you can unsubscribe at any time.

Contact The Organization

Send a message to Inderjeet Singh Harpura:

Shortcuts

Share

Category