20/08/2026
ਪ੍ਰੈੱਸ ਨੋਟ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (ਸਿਹਤ ਵਿਭਾਗ, ਪੰਜਾਬ)
ਮਿਤੀ: 20 ਅਗਸਤ, 2026
ਸਥਾਨ: ਚੰਡੀਗੜ੍ਹ
ਵਿੱਤ ਮੰਤਰੀ ਵੱਲੋਂ 10 ਦਿਨਾਂ ’ਚ ਮੰਗਾਂ ਲਾਗੂ ਕਰਨ ਦੀ ਹਦਾਇਤ; ਜੇਕਰ ਫੈਸਲਾ ਨਾ ਹੋਇਆ ਤਾਂ ਪੰਜਾਬ ਭਰ ’ਚ ਕੰਮ ਬੰਦ ਕਰਕੇ ਚੰਡੀਗੜ੍ਹ ਮੁੱਖ ਦਫ਼ਤਰ ਅੱਗੇ ਲੱਗੇਗਾ ਪੱਕਾ ਧਰਨਾ:
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀਆਂ ਦੀ ਪਿਛਲੇ 4 ਸਾਲਾਂ ਤੋਂ ਲਟਕ ਰਹੀ ਤਨਖਾਹਾਂ ਵਿੱਚ 20% ਵਾਧੇ ਦੀ ਮੰਗ ਨੂੰ ਲੈ ਕੇ ਬੀਤੇ ਦਿਨ (19 ਅਗਸਤ 2026) ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਫੈਸਲਿਆਂ ਅਤੇ ਯੂਨੀਅਨ ਦੀ ਅਗਲੀ ਰਣਨੀਤੀ ਬਾਰੇ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਅਤੇ ਜਨਰਲ ਸਕੱਤਰ ਗੁਰਜੰਟ ਸਿੰਘ ਖੰਨਾ ਨੇ ਸਰਕਾਰ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਉਹ ਆਪਣੀ ਹੱਕੀ ਮੰਗ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਹੁਣ ਤੱਕ ਸਿਹਤ ਮੰਤਰੀ, ਵਿੱਤ ਮੰਤਰੀ ਅਤੇ ਵਿਭਾਗੀ ਅਧਿਕਾਰੀਆਂ ਨਾਲ ਲਗਭਗ 70 ਮੀਟਿੰਗਾਂ ਹੋ ਚੁੱਕੀਆਂ ਹਨ। ਹਰ ਮੀਟਿੰਗ ਵਿੱਚ ਕਰਮਚਾਰੀਆਂ ਨੂੰ ਸਿਰਫ਼ ਭਰੋਸਾ ਹੀ ਦਿੱਤਾ ਜਾਂਦਾ ਰਿਹਾ ਹੈ ਕਿ ਮੰਗ ਨੂੰ ਜਲਦੀ ਅਮਲੀ ਰੂਪ ਦਿੱਤਾ ਜਾਵੇਗਾ, ਪਰ ਅਫ਼ਸੋਸ ਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ।
ਆਗੂਆਂ ਨੇ ਦੱਸਿਆ ਕਿ ਕੱਲ੍ਹ ਮਿਤੀ 19/08/2026 ਨੂੰ ਹੋਈ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ MLA Harpal Singh Cheema ਨੇ ਸਕਾਰਾਤਮਕ ਰੁਖ਼ ਅਖਤਿਆਰ ਕਰਦਿਆਂ ਸਬੰਧਿਤ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ 10 ਦਿਨਾਂ ਦੇ ਅੰਦਰ-ਅੰਦਰ ਕਰਮਚਾਰੀਆਂ ਦੀ ਇਸ ਮੰਗ ਨੂੰ ਅਮਲੀ ਰੂਪ ਦੇ ਕੇ ਲਾਗੂ ਕੀਤਾ ਜਾਵੇ।
ਜਸਮੇਲ ਸਿੰਘ ਦਿਓਲ ਅਤੇ ਗੁਰਜੰਟ ਸਿੰਘ ਖੰਨਾ ਨੇ ਸਰਕਾਰ ਅਤੇ ਵਿਭਾਗ ਨੂੰ ਦੋ-ਟੁੱਕ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿੱਤ ਮੰਤਰੀ ਦੀ ਹਦਾਇਤ ਦੇ ਬਾਵਜੂਦ 10 ਦਿਨਾਂ ਦੇ ਅੰਦਰ ਕਰਮਚਾਰੀਆਂ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ, ਤਾਂ ਸਮੁੱਚੇ ਪੰਜਾਬ ਭਰ ਵਿੱਚ ਏਡਜ਼ ਕੰਟਰੋਲ ਸੁਸਾਇਟੀ ਦੇ ਕਰਮਚਾਰੀ ਮੁਕੰਮਲ ਕੰਮ ਬੰਦ (ਸਟ੍ਰਾਈਕ) ਕਰ ਦੇਣਗੇ। ਇਸ ਉਪਰੰਤ ਪੰਜਾਬ ਭਰ ਦੇ ਸਾਰੇ ਕਰਮਚਾਰੀ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਖੇ ਪੱਕਾ ਮੋਰਚਾ (ਧਰਨਾ) ਲਾਉਣ ਲਈ ਮਜਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।
ਵੱਲੋਂ:
ਜਸਮੇਲ ਸਿੰਘ ਦਿਓਲ (ਪ੍ਰਧਾਨ)
ਗੁਰਜੰਟ ਸਿੰਘ ਖੰਨਾ (ਜਨਰਲ ਸਕੱਤਰ)
ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ, ਪੰਜਾਬ)
Government of Punjab CMO Punjab Dr Balbir Singh Punjab State AIDS Control Society - PSACS Aam Aadmi Party - Punjab Arvind Kejriwal Bhagwant Mann Aman Arora