28/07/2026
ਪੰਜਾਬ ਸਰਕਾਰ ਦੀ ਰਹਿਨੁਮਾਈ ਤਹਿਤ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਰੀਦਕੋਟ ਵੱਲੋਂ ਦੇਸ ਭਗਤ ਪੰਡਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ, ਫ਼ਰੀਦਕੋਟ ਦੇ ਸਹਿਯੋਗ ਨਾਲ 'ਜਗੀਰ ਸੱਧਰ ਕਾਵਿ-ਚਿੰਤਨ ਅਤੇ ਸਨਮਾਨ' ਸਮਾਗਮ ਰਚਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਗੀਰ ਸੱਧਰ ਪੰਜਾਬ ਦੇ ਸਾਹਿਤ ਅਤੇ ਕਲਾ ਖੇਤਰ ਦੀ ਉੱਘੀ ਸਖ਼ਸ਼ੀਅਤ ਹਨ ਜਿਨ੍ਹਾਂ ਨੇ ਅਨੇਕਾਂ ਪ੍ਰਸਿੱਧ ਗੀਤਾਂ ਦੇ ਨਾਲ ਨਾਲ ਕਹਾਣੀ ਅਤੇ ਕਵਿਤਾ ਦੀਆਂ ਕਿਤਾਬਾਂ ਨਾਲ ਪੰਜਾਬੀ ਬੋਲੀ ਦੀ ਅਮੀਰੀ ਵਿੱਚ ਵਾਧਾ ਕੀਤਾ ਹੈ।
ਇਸ ਸਾਹਿਤਕ ਸਮਾਗਮ ਦੀ ਰੂਪ-ਰੇਖਾ ਬਾਰੇ ਗੱਲ ਕਰਦਿਆਂ ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਸੁਖਚੈਨ ਸਿੰਘ ਬਰਾੜ, ਚੇਅਰਮੈਨ ਮੇਜਰ ਅਜਾਇਬ ਸਿੰਘ ਐਜੂਕੇਸ਼ਨਲ ਅਤੇ ਸੋਸ਼ਲ ਸਰਵਿਸਿਜ਼ ਸੋਸਾਇਟੀ (ਰਜਿ.) ਫ਼ਰੀਦਕੋਟ ਹੋਣਗੇ ਅਤੇ ਪ੍ਰਧਾਨਗੀ ਗੁਰਤੇਜ ਕੋਹਾਰਵਾਲਾ ਅਤੇ ਹਰਮੀਤ ਵਿਦਿਆਰਥੀ ਵੱਲੋਂ ਕੀਤੀ ਜਾਵੇਗੀ।
ਇਹ ਸਮਾਗਮ ਮਿਤੀ 4 ਅਗਸਤ 2026 ਦਿਨ ਮੰਗਲਵਾਰ ਨੂੰ ਦੇਸ ਭਗਤ ਪੰਡਤ ਚੇਤਨ ਦੇਵ ਕਾਲਜ ਦੇ ਹਾਲ ਵਿੱਚ ਸਵੇਰੇ 10.30 ਵਜੇ ਹੋਵੇਗਾ ਜਿਸ ਵਿੱਚ ਡਾ. ਜਗਵਿੰਦਰ ਜੋਧਾ ਅਤੇ ਡਾ. ਦੇਵਿੰਦਰ ਸੈਫ਼ੀ ਵੱਲੋਂ ਜਗੀਰ ਸੱਧਰ ਦੀ ਸਾਹਿਤਕ ਦੇਣ ਬਾਰੇ ਪਰਚੇ ਪੜ੍ਹੇ ਜਾਣਗੇ ਅਤੇ ਡਾ. ਜਲੌਰ ਸਿੰਘ ਖੀਵਾ, ਵਿਜੇ ਵਿਵੇਕ ਅਤੇ ਕੁਮਾਰ ਜਗਦੇਵ ਸਿੰਘ ਵੱਲੋਂ ਖੋਜ ਪਰਚਿਆਂ ਉਪਰ ਟਿੱਪਣੀ ਕੀਤੀ ਜਾਵੇਗੀ। ਇਸ ਮੌਕੇ ਸੁਰ ਆਂਗਣ ਦੇ ਕਲਾਕਾਰਾਂ ਵੱਲੋਂ ਜਗੀਰ ਸੱਧਰ ਕਾਵਿ ਗਾਇਨ ਕੀਤਾ ਜਾਵੇਗਾ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਜਾਵੇਗੀ। ਮੰਚ ਸੰਚਾਲਨ ਦੀ ਜਿੰਮੇਵਾਰੀ ਨਵਪ੍ਰੀਤ ਨਵੀ ਵਲੋਂ ਨਿਭਾਈ ਜਾਵੇਗੀ।