18/06/2023
ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ ਵਲ਼ੋਂ ਪਹਿਲੇ ਜ਼ਿਲ੍ਹਾ ਪੱਧਰੀ ਆਰ ਟੀ ਆਈ ਇਨਾਮ ਦੇਣ ਦਾ ਕੀਤਾ ਗਿਆ ਐਲਾਨ
- ਸੂਚਨਾ ਮੰਗਣ ਵਾਲੇ, ਜਨ ਸੂਚਨਾ ਅਧਿਕਾਰੀ, ਆਰ ਟੀ ਆਈ ਦੀ ਵਰਤੋਂ ਕਰਨ ਵਾਲੇ ਪੱਤਰਕਾਰ, ਪਹਿਲੇ ਅਪੀਲੀ ਅਧਿਕਾਰੀ ਹੋਣਗੇ ਨਗਦ ਪੁਰਸਕਾਰਾਂ ਦੇ ਨਾਲ ਸਨਮਾਨਿਤ
ਜਲਾਲਾਬਾਦ,17ਜੂਨ(ਜਤਿੰਦਰ ਪਾਲ ਸਿੰਘ)- ਆਰ ਟੀ ਆਈ ਐਕਟਿਵਿਸਟ ਫੈਡਰੇਸ਼ਨ (ਰਜਿ) ਫ਼ਾਜ਼ਿਲਕਾ ਵਲ਼ੋਂ ਜ਼ਿਲ੍ਹੇ ਵਿਚ ਪਹਿਲੀ ਵਾਰ ਆਰ ਟੀ ਆਈ ਦੀ ਵਰਤੋ ਕਰਨ ਵਾਲੇ ਜ਼ਿਲ੍ਹਾ ਵਾਸੀਆਂ, ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਜਨ ਸੂਚਨਾ ਅਧਿਕਾਰੀ ਅਤੇ ਪਹਿਲੇ ਅਪੀਲੀ ਅਧਿਕਾਰੀ ਵਜੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਅਤੇ ਆਰ ਟੀ ਆਈ ਰਾਹੀਂ ਲੋਕ ਹਿਤ ਵਿਚ ਖ਼ੁਲਾਸਾ ਕਰਕੇ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਪਹਿਲੇ ਜ਼ਿਲ੍ਹਾ ਪੱਧਰੀ ਆਰ ਟੀ ਆਈ ਸਨਮਾਨ ਸਮਾਰੋਹ ਦਾ ਐਲਾਨ ਕੀਤਾ ਹੈ। ਇਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੀ ਈ ਓ ਦੀਪਕ ਮੁਦਗਿੱਲ ਅਤੇ ਸਕੱਤਰ ਕੰਵਲ ਸੇਠੀ ਨੇ ਦੱਸਿਆ ਕਿ ਦੇਸ਼ ਵਿਚ ਆਰ ਟੀ ਆਈ ਕਾਨੂੰਨ ਲੋਕਾਂ ਲਈ ਅਤੇ ਦਫ਼ਤਰਾਂ ਵਿਚ ਕੰਮ ਕਰਦੇ ਹਰ ਮੁਲਾਜ਼ਮ ਲਈ ਕਾਫ਼ੀ ਸਹਾਇਕ ਸਿੱਧ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਝ ਮੁਲਾਜ਼ਮਾਂ ਵਿਚ ਇਸ ਪ੍ਰਤੀ ਡਰ ਪਾਇਆ ਜਾਂਦਾ ਹੈ ਅਤੇ ਕੁਝ ਵਿਅਕਤੀ ਇਸ ਨੂੰ ਬਲੈਕਮੇਲ ਕਰਨ ਲਈ ਵੀ ਵਰਤੋਂ ਕਰਦੇ ਹਨ ਜਦਕਿ ਜੇਕਰ ਸਹੀ ਸਮਝ ਲਿਆ ਜਾਵੇ ਤਾਂ ਮੁਲਾਜ਼ਮਾਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਅਤੇ ਹਰ ਵਿਅਕਤੀ ਨੂੰ ਸਹੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ ਕਿ ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਆਰ ਟੀ ਆਈ ਐਕਟ ਨੂੰ ਵਰਤੋ ਵਿਚ ਲਿਆ ਕੇ ਸਮਾਜ ਨੂੰ ਸੁਧਾਰਨ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਉਦੇਸ਼ ਰਿਸ਼ਵਤਖ਼ੋਰੀ ਦੇ ਖ਼ਿਲਾਫ਼ ਲੜਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਇਸ ਦੇ ਸਮਰੱਥ ਬਣਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮੁਲਾਜ਼ਮਾਂ ਨੂੰ ਆਰ ਟੀ ਆਈ ਐਕਟ ਵਿਚ ਜਵਾਬ ਦੇਣ ਲਈ ਸਹੀ ਢੰਗ ਦੀ ਜਾਣਕਾਰੀ ਵੀ ਦੇਣ ਦਾ ਯਤਨ ਕਰਾਂਗੇ। ਉਨ੍ਹਾਂ ਕਿਹਾ ਕਿ ਆਰ ਟੀ ਆਈ ਰਾਹੀਂ ਸੂਚਨਾ ਮੰਗਣ ਵਾਲੇ ਅਤੇ ਆਰ ਟੀ ਆਈ ਦੀ ਵਰਤੋਂ ਕਰਕੇ ਖ਼ੁਲਾਸਾ ਕਰਨ ਵਾਲੇ ਵਿਅਕਤੀ ਸਾਡੇ ਫੇਸਬੁੱਕ ਦੇ ਪੇਜ ਤੇ ਜਾ ਕੇ ਗੂਗਲ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ ਅਤੇ ਸੰਸਥਾ ਦੇ ਮੈਂਬਰਾਂ ਨੂੰ ਸੰਪਰਕ ਕਰਕੇ ਫਾਰਮ ਵੀ ਲੈ ਸਕਦੇ ਹਨ। ਜਨ ਸੂਚਨਾ ਅਧਿਕਾਰੀ ਅਤੇ ਪਹਿਲੇ ਅਪੀਲੀ ਅਧਿਕਾਰੀ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ ਅਤੇ ਉਨ੍ਹਾਂ ਦੀ ਚੋਣ ਸੰਸਥਾ ਵਲ਼ੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਕੈਟਾਗਰੀ ਵਿਚ 11 ਹਜ਼ਾਰ ਰੁਪਏ ਦਾ ਨਗਦ ਇਨਾਮ ਤੇ ਸਨਮਾਨ ਚਿੰਨ੍ਹ ਦਿੱਤਾ ਜਾਵੇਗਾ।