15/08/2016
ਓਏ ਮੱਘਰਾ
ਅਜ਼ਾਦੀ ਮਵਾਰਕ ਓਏ
ਹੈਂ ! ਇਹ ਕੀ ਬਲਾਂਅ ਏ
ਕੋਈ ਨਵੀਂ ਬਮਾਰੀ ਚੱਲੀ ਆ
ਓਏ ਨਈਂ ਢੱਗਿਆ
ਏਦਣ ਆਪਾ ਅਜ਼ਾਦ ਹੋਏ ਸੀ
ਗੋਰਿਆ ਨੂੰ ਕੱਢਿਆ ਸੀ ਮੁਲਖ ਚੋਂ
ਹਲ੍ਹਾ ਫੇਰ ਕੀ ਖੱਟ ਲਿਆ
ਗੋਰਿਆਂ ਨੇ ਛੱਡ ਤਾ
ਕਾਲਿਆਂ ਨੇ ਵਲ੍ਹ ਲਿਆ
ਅਸੀਂ ਤਾਂ ਢੱਗੇ ਆਂ
ਕਦੇ ਏਹਨੇ ਹੱਕ ਲਏ
ਤੇ ਕਦੇ ਓਹਨੇ
ਓਏ ਛਿੰਦਿਆ ਓ ਭੋਲ੍ਹਿਆ
ਇਹ 'ਜ਼ਾਦੀ-'ਜ਼ੂਦੀ
ਆਪਾਂ ਕੀ ਰਗੜ ਕੇ
ਗੋਡੇ ਤੇ ਲਾਉਣੀ ਆ
ਆਪਣਾ ਤਾਂ ਓਹੀ
ਟੁੱਕ ਤੇ 'ਚਾਰ ਈ
ਚੱਲਣਾ ਸਾਰੀ ਉਮਰ
ਏਸੇ 'ਜ਼ਾਦੀ ਨੇ ਤਾਂ
ਕੱਖੋ ਹੌਲੇ ਕੀਤਾ ਸੀ
ਕਈ ਵਰੇ ਪੈਹਲਾਂ
ਤੇ ਹੁਣ ਵੀ ਆਏ ਸਾਲ
ਆਏ ਦਿਨ ਆਉਂਦੀ ਆ
ਘਰਾਂ 'ਚ ਸੱਥਰ ਵਛੌਣ
ਏਦਣ ਤਿਰੰਗੇ ਲਹਿਰਾਕੇ
'ਜਾਦੀਆਂ ਮਨੌਣ ਆਲੇ
ਸਾਡੇ ਅਰਗਿਆ ਦੀ
ਜੂਨ ਨੀ ਵੇਂਹਦੇ
ਜੇਹੜੀ ਕਾਲੇ 'ਗਰੇਜਾਂ ਦੇ
ਹੱਥੇ ਚੜੀ ਹੋਈ ਆ
ਚੱਲ ਛੱਡ ਜੱਕੜਾਂ ਨੂੰ
ਚੱਲ ਚੱਲੀਏ ਦਿਹਾੜੀ
ਸਾਡੀ ਕਿਹੜਾ ਸਾਲੀ
ਪਿਲਸਣ ਲੱਗੀ ਆ
ਏਹ ਗਧੀਗੇੜ ਤਾਂ
ਆਂਏ ਈ ਚੱਲਣਾ |