Gurdaspur District

Gurdaspur District District Gurdaspur

21/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਪੰਜਾਬ ਸਰਕਾਰ ਨੇ ਟਿਊਬਵੈੱਲਾਂ ’ਤੇ ਲੋਡ ਵਧਾਉਣ ਲਈ ਵੀ.ਡੀ.ਐਸ. ਦੀ ਸਮਾਂ ਸੀਮਾ 23 ਅਕਤੂਬਰ ਤੱਕ ਵਧਾਈ - ਵਿਧਾਇਕ ਅਮਰਪਾਲ ਸਿੰਘ

ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਦੂਜੀ ਵਾਰ ਵਧਾਈ ਗਈ ਸਮਾਂ ਸੀਮਾ

10 ਜੂਨ ਨੂੰ ਸ਼ੁਰੂ ਹੋਈ ਇਸ ਸਕੀਮ ਦਾ ਲਾਭ ਲੈਂਦਿਆਂ ਲਗਭਗ 1.70 ਲੱਖ ਕਿਸਾਨਾਂ ਨੇ ਹੁਣ ਤੱਕ ਬਚਾਏ 160 ਕਰੋੜ ਰੁਪਏ

ਗੁਰਦਾਸਪੁਰ, 21 ਸਤੰਬਰ ( ) - ਆਪਣੇ ਟਿਊਬਵੈੱਲਾਂ ਦੇ ਬਿਜਲੀ ਲੋਡ ਨੂੰ ਵਧਾਉਣ ਦੇ ਚਾਹਵਾਨ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਡ ਵਧਾਉਣ ਲਈ ਵਲੰਟਰੀ ਡਿਸਕਲੋਜ਼ਰ ਸਕੀਮ (ਵੀ.ਡੀ.ਐਸ.) ਦੀ ਮਿਤੀ 23 ਅਕਤੂਬਰ ਤੱਕ ਵਧਾ ਦਿੱਤੀ ਹੈ। ਕਿਸਾਨਾਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸਕੀਮ ਦੀ ਸਮਾਂ ਸੀਮਾ ਵਿੱਚ ਦੂਜੀ ਵਾਰ ਵਾਧਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਦੱਸਿਆ ਕਿ ਟਿਊਬਵੈੱਲਾਂ ‘ਤੇ ਲੋਡ ਵਧਾਉਣ ਲਈ ਮੌਜੂਦਾ ਲੋਡ ਫੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਪ੍ਰਤੀ ਬੀ.ਐਚ.ਪੀ. ਕਰਦਿਆਂ 10 ਜੂਨ ਨੂੰ 45 ਦਿਨਾਂ (24 ਜੁਲਾਈ ਤੱਕ) ਲਈ ਵੀ.ਡੀ.ਐਸ. ਸ਼ੁਰੂ ਕੀਤੀ ਗਈ ਸੀ। ਉਨਾਂ ਕਿਹਾ ਕਿ 23 ਜੁਲਾਈ ਨੂੰ ਮੁੱਖ ਮੰਤਰੀ ਨੇ ਸੂਬੇ ਦੇ ਅਨਾਜ ਉਤਪਾਦਕਾਂ ਦੀ ਸਹੂਲਤ ਲਈ ਇਸ ਸਕੀਮ ਨੂੰ 15 ਸਤੰਬਰ ਤੱਕ ਵਧਾ ਦਿੱਤਾ ਸੀ।

ਵਿਧਾਇਕ ਸ. ਅਮਰਪਾਲ ਸਿੰਘ ਅੱਗੇ ਨੇ ਦੱਸਿਆ ਕਿ ਹੁਣ ਤੱਕ 1.70 ਲੱਖ ਕਿਸਾਨਾਂ ਨੇ ਇਸ ਸਕੀਮ ਦਾ ਲਾਭ ਲੈ ਕੇ ਆਪਣੇ 160 ਕਰੋੜ ਰੁਪਏ ਦੀ ਬਚਤ ਕੀਤੀ ਹੈ। ਉਨਾਂ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਆਪਣੇ ਟਿਊਬਵੈੱਲਾਂ ਦਾ ਲੋਡ ਵਧਾਉਣਾ ਚਾਹੁੰਦੇ ਹਨ, ਉਹ 23 ਅਕਤੂਬਰ ਤੱਕ ਅਪਲਾਈ ਕਰ ਸਕਦੇ ਹਨ।

21/09/2022
21/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਡਿਪਟੀ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ਨੂੰ ਸਰਹੱਦੀ ਚੌਂਕੀਆਂ ਨੇੜੇ ਵਾਸ਼ਰੂਮ ਬਣਾ ਕੇ ਦੇਣ ਦੀ ਹਦਾਇਤ ਕੀਤੀ

‘ਸਵੱਛਤਾ ਹੀ ਸੇਵਾ’ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਗਤੀਵਿਧੀਆਂ ਕਰਨ ਲਈ ਕਿਹਾ

ਗੁਰਦਾਸਪੁਰ, 21 ਸਤੰਬਰ ( ) - ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਭਾਰਤ-ਪਾਕਿ ਸਰਹੱਦ ’ਤੇ ਬਣੀਆਂ ਸੁਰੱਖਿਆ ਚੌਂਕੀਆਂ ਦੇ ਨਜ਼ਦੀਕ ਵਾਸ਼ਰੂਮ (ਪਖਾਨੇ) ਬਣਾਉਣ ਦੀ ਹਦਾਇਤ ਕੀਤੀ ਹੈ ਤਾਂ ਜੋ ਸਰਹੱਦ ਦੀ ਰਾਖੀ ਲਈ ਤਾਇਨਾਤ ਬੀ.ਐੱਸ.ਐੱਫ ਦੀਆਂ ਮਹਿਲਾ ਕਰਮਚਾਰਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਅੱਜ ਆਪਣੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀ.ਐੱਸ.ਐੱਫ ਦੇ ਅਧਿਕਾਰੀਆਂ ਨੇ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਸਰਹੱਦੀ ਚੌਂਕੀਆਂ ਨਜ਼ਦੀਕ ਕੋਈ ਵਾਸ਼ਰੂਮ ਨਾ ਹੋਣ ਕਾਰਨ ਡਿਊਟੀ ਦੌਰਾਨ ਬੀ.ਐੱਸ.ਐੱਫ ਦੀਆਂ ਮਹਿਲਾ ਕਰਮਚਾਰਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੁਸ਼ਕਲ ਦੇ ਹੱਲ ਲਈ ਡਿਪਟੀ ਕਮਿਸ਼ਨਰ ਨੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਲਦੀ ਤੋਂ ਜਲਦੀ ਸਰਹੱਦੀ ਚੌਂਕੀਆਂ ਦੇ ਨੇੜੇ ਵਾਸ਼ਰੂਮ (ਪਖਾਨੇ) ਬਣਾ ਕੇ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਸਰਹੱਦ ਦੀ ਰਾਖੀ ਕਰਨ ਵਾਲੇ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਕਰਮਚਾਰਨਾਂ ਦੀ ਸਹੂਲਤ ਦਾ ਖਿਆਲ ਰੱਖਣਾ ਸਾਡਾ ਫਰਜ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲ ਦੇ ਅਧਾਰ ’ਤੇ ਬੀ.ਐੱਸ.ਐੱਫ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਹੱਦ ਦੇ ਨਾਲ ਫਲੱਡ ਲਾਈਟਾਂ ਵੀ ਲਗਾਈਆਂ ਜਾਣਗੀਆਂ ਤਾਂ ਜੋ ਰਾਤ ਸਮੇਂ ਸਰਹੱਦ ਪਾਰੋਂ ਹੁੰਦੀ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਨੂੰ ਰੋਕਿਆ ਜਾ ਸਕੇ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਭਾਰਤ ਸਰਕਾਰ ਵੱਲੋਂ ਮਿਤੀ 15 ਸਤੰਬਰ 2022 ਤੋਂ 2 ਅਕਤੂਬਰ 2022 ਤੱਕ ਮਨਾਏ ਜਾ ਰਹੇ ‘ਸਵੱਛਤਾ ਹੀ ਸੇਵਾ’ ਮਿਸ਼ਨ ਤਹਿਤ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਗਤੀਵਿਧੀਆਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਲੋਕਾਂ ਨੂੰ ਸਵੱਛਤਾ ਅਭਿਆਨ ਬਾਰੇ ਜਾਗਰੂਕ ਕਰਕੇ ਇਸ ਮਿਸ਼ਨ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾ ਨਾਲ ਆਪਣੇ ਆਲੇ-ਦੁਆਲੇ ਨੂੰ ਅਸਾਨੀ ਨਾਲ ਸਵੱਛ ਰੱਖਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਪਿੰਡ ਮੌਚਪੁਰ ਵਿਖੇ ਵਿਭਾਗ ਦੇ ਜਲ ਸਪਲਾਈ ਦੇ ਚੱਲ ਰਹੇ ਕੰਮ ਨੂੰ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।

21/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਖੇਡਾਂ ਵਤਨ ਪੰਜਾਬ ਦੀਆਂ…

ਵੱਖ-ਵੱਖ ਟੀਮਾਂ ਨੇ ਬਾਸਕਿਟਬਾਲ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ

ਗੁਰਦਾਸਪੁਰ, 21 ਸਤੰਬਰ ( ) - ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਾਸਕਿਟਬਾਲ ਦੇ ਫਸਵੇਂ ਮੈਚ ਦੇਖਣ ਨੂੰ ਮਿਲੇ ਹਨ। ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੇ ਬਾਸਕਿਟਬਾਲ ਮੈਦਾਨ ਵਿਖੇ ਹੋਏ ਦਿਲਚਸਪ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਹੈ। ਬਾਸਕਿਟਬਾਲ ਦੇ ਵੱਖ-ਵੱਖ ਉਮਰ ਵਰਗ ਦੇ ਹੋਏ ਮੁਕਾਬਲਿਆਂ ਦਾ ਫਾਈਨਲ ਨਤੀਜਾ ਹੇਠ ਲਿਖੇ ਅਨੁਸਾਰ ਰਿਹਾ ਹੈ।

ਬਾਸਕਿਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋ ਸਰਜਾ, ਦੂਜਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਅਤੇ ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਡੀਡਾ ਸੈਣੀਆਂ ਨੇ ਹਾਸਲ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਫਰਾਂਸਿਸ ਸਕੂਲ ਬਟਾਲਾ, ਦੂਜਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਅਤੁ ਤੀਸਰਾ ਸਥਾਨ ਆਰ.ਡੀ. ਖੋਸਲਾ ਸਕੂਲ ਬਟਾਲਾ ਦੀ ਟੀਮ ਨੇ ਹਾਸਲ ਕੀਤਾ।

ਬਾਸਕਿਟਬਾਲ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਗੁਰਦਾਸਪੁਰ ਦੀ ਟੀਮ ਰਹੀ। ਦੂਸਰੇ ਨੰਬਰ ’ਤੇ ਆਰਮੀ ਪਬਲਿਕ ਸਕੂਲ ਤਿੱਬੜੀ ਕੈਂਟ, ਗੁਰਦਾਸਪੁਰ ਅਤੇ ਤੀਸਰੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੰਗੜ ਨੰਗਲ ਦੀ ਟੀਮ ਰਹੀ। ਅੰਡਰ-17 ਲੜਕਿਆਂ ਦੀ ਟੀਮ ਵਿੱਚ ਪਹਿਲਾ ਸਥਾਨ ਸੰਤ ਫਰਾਂਸਿਸ ਸਕੂਲ ਬਟਾਲਾ ਨੇ ਹਾਸਲ ਕੀਤਾ ਜਦਕਿ ਦੂਜੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਅਤੇ ਤੀਜੇ ਨੰਬਰ ’ਤੇ ਗੋਪੀ ਸਪੋਟਰਸ ਅਕੈਡਮੀ ਦੀਨਾਨਗਰ ਰਹੀ।

ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਗੋਪੀ ਸਪੋਟਰਸ ਅਕੈਡਮੀ ਦੀਨਾਨਗਰ, ਦੂਜਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੰਗੜ ਨੰਗਲ ਅਤੇ ਤੀਸਰਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਨੇ ਹਾਸਲ ਕੀਤਾ। ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਨੇ ਪਹਿਲਾ, ਬਾਸਕਿਟਬਾਲ ਕਲੱਬ ਬਟਾਲਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰਦਾਸਪੁਰ ਨੇ ਤੀਜਾ ਸਥਾਨ ਹਾਸਲ ਕੀਤਾ।

21 ਤੋਂ 40 ਸਾਲ ਲੜਕੀਆਂ ਦੇ ਵਰਗ ਵਿੱਚ ਬਾਸਕਿਟਬਾਲ ਵਿੱਚ ਪਹਿਲਾ ਸਥਾਨ ਆਰ.ਆਰ. ਬਾਵਾ ਡੀ.ਏ.ਵੀ ਕਾਲਜ ਬਟਾਲਾ ਨੇ ਹਾਸਲ ਕੀਤਾ। ਲੜਕਿਆਂ ਦੇ ਇਸੇ ਉਮਰ ਵਰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ, ਦੂਜਾ ਸਥਾਨ ਗੁਰਦਿਆਲ ਸਿੰਘ ਸਪੋਰਟਸ ਕਲੱਬ ਗੁਰਦਾਸਪੁਰ ਅਤੇ ਤੀਜਾ ਸਥਾਨ ਬਟਾਲਾ ਕਲੱਬ ਬਟਾਲਾ ਨੇ ਹਾਸਲ ਕੀਤਾ।

15/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ

ਗੁਰਦਾਸਪੁਰ, 15 ਸਤੰਬਰ ( ) - ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੁਝ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਵਾਈ ਗਈ ਹੈ ਅਤੇ ਪੋਲਿੰਗ ਸਟੇਸ਼ਨਾਂ ਦੀ ਤਜ਼ਵੀਜ ਤਿਆਰ ਕਰਦੇ ਸਮੇਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ-04 ਦੇ ਮੌਜੂਦਾ ਪੋਲਿੰਗ ਸਟੇਸ਼ਨ ਨੰਬਰ 185 ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਨੂੰ ਕਮਿਊਨਿਟੀ ਸੈਂਟਰ ਰਾਜਪੁਰਾ ਵਿਖੇ ਬਦਲਣ ਦੀ ਤਜਵੀਜ ਹੈ। ਇਸੇ ਤਰਾਂ ਵਿਧਾਨ ਸਭਾ ਹਲਕਾ ਕਾਦੀਆਂ-06 ਦੇ ਪੋਲਿੰਗ ਬੂਥ ਨੰਬਰ 143 ਅਹਿਮਦੀਆ ਕੰਪਿਊਟਰ ਸੈਕਸ਼ਨ ਨੂੰ 143-ਜੀ.ਐੱਸ. ਬਾਜਵਾ ਮੈਮੋਰੀਅਲ ਮਾਡਲ ਹਾਈ ਸਕੂਲ ਕਾਦੀਆਂ ਵਿਖੇ ਅਤੇ ਪੋਲਿੰਗ ਸਟੇਸ਼ਨ ਨੰਬਰ 151 ਡੀ.ਏ.ਵੀ. ਪ੍ਰਾਇਮਰੀ ਸਕੂਲ ਕਾਦੀਆਂ ਨੂੰ 151-ਵੇਦ ਕੌਰ ਆਰੀਆ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ ਵਿਖੇ ਬਦਲਣ ਦੀ ਤਜਵੀਜ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ-08 (ਅ.ਜ) ਦੇ ਪੋਲਿੰਗ ਸਟੇਸ਼ਨ ਨੰਬਰ 53 ਸਰਕਾਰੀ ਪ੍ਰਾਇਮਰੀ ਸਕੂਲ ਢਡਿਆਲਾ ਨਜ਼ਾਰਾ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਢਡਿਆਲਾ ਨਜ਼ਾਰਾ, ਪੋਲਿੰਗ ਸਟੇਸ਼ਨ ਨੰਬਰ 55-56 ਸਰਕਾਰੀ ਐਲੀਮੈਂਟਰੀ ਸਕੂਲ ਚੌਧਰੀਵਾਲ ਨੂੰ 55-56 ਸਰਕਾਰੀ ਹਾਈ ਸਕੂਲ ਚੌਧਰੀਵਾਲ ਅਤੇ 213 ਸਰਕਾਰੀ ਪ੍ਰਾਇਮਰੀ ਸਕੂਲ ਬਹਾਦਰਪੁਰ ਰਜ਼ੋਆ ਨੂੰ 213 ਸਰਕਾਰੀ ਹਾਈ ਸਕੂਲ ਬਹਾਦਰਪੁਰ ਰਜ਼ੋਆ ਵਿਖੇ ਤਬਦੀਲ ਕਰਨ ਦੀ ਤਜਵੀਜ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ-09 ਦੇ ਪੋਲਿੰਗ ਸਟੇਸ਼ਨ ਨੰਬਰ 12 ਦਫ਼ਤਰ ਐਗਰੀਕਲਚਰ ਸਹਿਕਾਰੀ ਸੁਸਾਇਟੀ ਵੀਲਾ ਤੇਜਾ ਤੋਂ 12-ਸਰਕਾਰੀ ਪ੍ਰਾਇਮਰੀ ਸਕੂਲ ਵੀਲਾ ਤੇਜਾ, 117 ਸਰਕਾਰੀ ਪ੍ਰਾਇਮਰੀ ਸਕੂਲ ਮਰੜ੍ਹ ਤੋਂ 117-ਸਰਕਾਰੀ ਹਾਈ ਸਕੂਲ ਮਰੜ੍ਹ ਅਤੇ 192 ਸਰਕਾਰੀ ਪ੍ਰਾਇਮਰੀ ਸਕੂਲ ਓਠੀਆਂ ਤੋਂ 192-ਆਂਗਨਵਾੜੀ ਕੇਂਦਰ ਓਠੀਆਂ ਵਿਖੇ ਤਬਦੀਲ ਕਰਨ ਦੀ ਤਜਵੀਜ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪੋਲਿੰਗ ਸਟੇਸ਼ਨ ਨੰਬਰ 68- ਸਰਕਾਰੀ ਪ੍ਰਾਇਮਰੀ ਸਕੂਲ ਤਾਰੂਵਾਲੀ ਨੂੰ 68 ਆਂਗਨਵਾੜੀ ਕੇਂਦਰ ਨੂਰਪੁਰ ਅਤੇ 184 ਨੰਬਰ ਸਰਕਾਰੀ ਪ੍ਰਾਇਮਰੀ ਸਕੂਲ ਛੋਡ ਨੂੰ 184- ਸਰਕਾਰੀ ਪ੍ਰਾਇਮਰੀ ਸਕੂਲ ਕੁਕਰ ਵਿਖੇ ਬਦਲਣ ਦੀ ਤਜਵੀਜ ਹੈ। ਇਨ੍ਹਾਂ ਹਲਕਿਆਂ ਤੋਂ ਇਲਾਵਾ ਬਾਕੀ ਹਲਕਿਆਂ ਦੇ ਪੋਲਿੰਗ ਸਟੇਸ਼ਨਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਰਾਜਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਕਿਹਾ ਕਿ ਜੇਕਰ ਉਹ ਉਕਤ ਤਜਵੀਜਾਂ ਸਬੰਧੀ ਆਪਣੇ ਸੁਝਾਓ ਦੇਣਾ ਚਾਹੁੰਦੇ ਹਨ ਤਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ 19 ਸਤੰਬਰ 2022 ਤੱਕ ਜ਼ਿਲ੍ਹਾ ਚੋਣ ਦਫ਼ਤਰ ਗੁਰਦਾਸਪੁਰ ਨੂੰ ਆਪਣੇ ਸੁਝਾਅ ਭੇਜ ਸਕਦੇ ਹਨ।

13/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਹੋਵੇਗੀ ਵੈਰੀਫਿਕੇਸ਼ਨ

ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਵੈਰੀਫਿਕੇਸ਼ਨ ਕਮੇਟੀਆਂ ਦਾ ਗਠਨ

ਵੈਰੀਫਿਕੇਸ਼ਨ ਤੋਂ ਬਾਅਦ ਯੋਗ ਅਤੇ ਅਯੋਗ ਕਾਰਡ ਧਾਰਕਾਂ ਦੀਆਂ ਲਿਸਟਾਂ ਕੀਤੀਆਂ ਜਾਣਗੀਆਂ ਜਨਤਕ

ਗੁਰਦਾਸਪੁਰ, 13 ਸਤੰਬਰ ( ) - ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਬਣੇ ਕਾਰਡਾਂ ਦੀ ਵੈਰੀਫਿਕੇਸ਼ਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਰਾਜ ਸਰਕਾਰ ਦੇ ਹੁਕਮਾਂ ਤਹਿਤ ਸਿਵਾਏ ਐੱਚ.ਆਈ.ਵੀ/ਏਡਜ਼ ਪ੍ਰਭਾਵਿਤ, ਫੀਮੇਲ ਸੈਕਸ ਵਰਕਰ ਅਤੇ ਕੋਵਿਡ ਦੌਰਾਨ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਜਾਂ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ ਸੀ ਤੋਂ ਬਿਨ੍ਹਾਂ ਬਾਕੀ ਸਾਰੀਆਂ ਕੈਟਾਗਰੀਆਂ ਨਾਲ ਸਬੰਧਤ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਵੈਰੀਫਿਕੇਸ਼ਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਕੱਲ੍ਹ ਤੋਂ ਹੀ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕਰ ਦੇਣਗੀਆਂ। ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਦੀ ਕਮੇਟੀ ਵਿੱਚ ਪਿੰਡ ਨਾਲ ਸਬੰਧਤ ਨਿਰੀਖਕ ਖੁਰਾਕ ਤੇ ਸਪਲਾਈ ਵਿਭਾਗ, ਪਿੰਡ ਨਾਲ ਸਬੰਧਤ ਮਾਲ ਪਟਵਾਰੀ, ਪਿੰਡ ਨਾਲ ਸਬੰਧਤ ਜੇ.ਈ. ਪਾਵਰਕਾਮ, ਪਿੰਡ ਨਾਲ ਸਬੰਧਤ ਆਂਗਣਵਾੜੀ ਵਰਕਰ ਅਤੇ ਪਿੰਡ ਨਾਲ ਸਬੰਧਤ ਪੰਚਾਇਤ ਸੈਕਟਰੀ ਸ਼ਾਮਿਲ ਕੀਤੇ ਗਏ ਹਨ।

ਸ਼ਹਿਰੀ ਖੇਤਰਾਂ ਲਈ ਡੀਪੂ ਪੱਧਰ ਦੀਆਂ ਕਮੇਟੀਆਂ ਗਠਤ ਕੀਤੀਆਂ ਗਈਆਂ ਹਨ ਜਿਸ ਵਿੱਚ ਵਾਰਡ ਨਾਲ ਸਬੰਧਤ ਨਿਰੀਖਕ ਖੁਰਾਕ ਤੇ ਸਪਲਾਈ ਵਿਭਾਗ, ਵਾਰਡ ਨਾਲ ਸਬੰਧਤ ਪਟਵਾਰੀ ਮਾਲ ਵਿਭਾਗ, ਵਾਰਡ ਨਾਲ ਸਬੰਧਤ ਜੇ.ਈ. ਪਾਵਰਕਾਮ, ਵਾਰਡ ਨਾਲ ਸਬੰਧਤ ਆਂਗਣਵਾੜੀ ਵਰਕਰ ਅਤੇ ਵਾਰਡ ਨਾਲ ਸਬੰਧਤ ਸੈਕਟਰੀ ਕਾਰਪੋਰੇਸ਼ਨ (ਦਫ਼ਤਰ ਈ.ਓ) ਸ਼ਾਮਲ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਲਸਟਰ ਕੁਆਰਡੀਨੇਟਰ-ਕਮ-ਕਰਾਸ ਵੈਰੀਫਿਕੇਸ਼ਨ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਵਿੱਚ ਬੀ.ਡੀ.ਪੀ.ਓਜ਼, ਸੀ.ਡੀ.ਪੀ.ਓਜ਼. ਏ.ਡੀ.ਓਜ਼ ਖੇਤੀਬਾੜੀ ਵਿਭਾਗ ਅਤੇ ਸਹਾਇਕ ਰਜਿਸਟਰਾਰ ਕੋ-ਆਪਰੇਟਿਵ ਸੁਸਾਇਟੀ ਲਗਾਏ ਗਏ ਹਨ।

ਇਸ ਤੋਂ ਬਾਅਦ ਤਹਿਸੀਲ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਐੱਸ.ਡੀ.ਐੱਮ. ਚੇਅਰਪਰਸਨ ਹੋਣਗੇ ਅਤੇ ਤਹਿਸੀਲਦਾਰ, ਕਾਰਜਕਾਰੀ ਇੰਜੀਨੀਅਰ ਪਾਵਰਕਾਮ ਅਤੇ ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ, ਬੀ.ਡੀ.ਪੀ.ਓ ਅਤੇ ਸੀ.ਡੀ.ਪੀ.ਓ ਮੈਂਬਰ ਹੋਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਰੀਫਿਕੇਸ਼ਨ ਕਮੇਟੀਆਂ ਪੂਰੀ ਨਿਰਪੱਖਤਾ ਤੇ ਇਮਾਨਦਾਰੀ ਨਾਲ ਵੈਰੀਫਿਕੇਸ਼ਨ ਕਰਨਗੀਆਂ ਅਤੇ ਹਰ ਲਾਭਪਾਤਰੀ ਕੋਲੋਂ ਸਵੈ-ਘੋਸ਼ਣਾ ਪੱਤਰ ਭਰਵਾਇਆ ਜਾਵੇਗਾ। ਪੜਤਾਲੀਆ ਕਮੇਟੀ ਮੈਂਬਰ ਪੜਤਾਲ ਉਪਰੰਤ ਸਾਰੇ ਯੋਗ ਅਤੇ ਅਯੋਗ ਲਾਭਪਾਤਰੀਆਂ ਦੀਆਂ ਲਿਸਟਾਂ ਸਾਂਝੀਆਂ ਥਾਵਾਂ ’ਤੇ ਲਗਾਉਣਗੇ। ਉਨ੍ਹਾਂ ਕਿਹਾ ਕਿ ਵੈਰੀਫਿਕੇਸ਼ਨ ਉਪਰੰਤ ਜੋ ਵੀ ਅਯੋਗ ਕਾਰਡ ਪਾਏ ਗਏ ਉਨ੍ਹਾਂ ਨੂੰ ਕੱਟਿਆ ਜਾਵੇਗਾ। ਇਸਦੀ ਇੱਕ ਕਾਪੀ ਵਾਰਡ/ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦਿੱਤੀ ਜਾਵੇਗੀ, ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਵੈੱਬਸਾਈਟ ’ਤੇ ਵੀ ਅਪਲੋਡ ਕੀਤੀ ਜਾਵੇਗੀ। ਡੀਪੂ ਹੋਲਡਰ/ਆਂਗਣਵਾੜੀ ਵਰਕਰ ਜਿਨ੍ਹਾਂ ਪਰਿਵਾਰਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਸੂਚਿਤ ਕਰਨਗੇ ਤਾਂ ਜੋ ਉਹ ਜੇਕਰ ਕੋਈ ਇਤਰਾਜ਼ ਹੋਵੇ ਤਾਂ ਦਰਜ ਕਰਵਾ ਸਕਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੈਰੀਫਿਕੇਸ਼ਨ ਦੀ ਇਹ ਸਾਰੀ ਪ੍ਰੀਕ੍ਰਿਆ 26 ਸਤੰਬਰ 2022 ਤੱਕ ਮੁਕੰਮਲ ਕਰ ਲਈ ਜਾਵੇਗੀ।

ਕਿੰਨਾਂ ਪਰਿਵਾਰਾਂ ਨੂੰ ਮਿਲੇਗਾ ਸਮਾਰਟ ਰਾਸ਼ਨ ਕਾਰਡ ਦਾ ਲਾਭ

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਦਾ ਲਾਭ ਕੇਵਲ ਉਨ੍ਹਾਂ ਪਰਿਵਾਰਾਂ ਨੂੰ ਮਿਲੇਗਾ ਜਿਸ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਾ ਹੋਵੇ, ਪਰਿਵਾਰ ਦੀ 25 ਏਕੜ ਨਹਿਰੀ/ਚਾਹੀ ਜਾਂ 5 ਏਕੜ ਤੋ ਵੱਧ ਬਰਾਨੀ ਜਮੀਨ ਅਤੇ ਸੇਮ ਨਾਲ ਸਬੰਧਤ ਇਲਾਕੇ ਵਿਚ 5 ਏਕੜ ਤੋ ਵੱਧ ਜਮੀਨ ਨਾ ਹੋਵੇ, ਪਰਿਵਾਰ ਦਾ ਕੋਈ ਕਾਰੋਬਾਰ ਜਾਂ ਕਿਰਾਏ ਜਾਂ ਵਿਆਜ ਤੋ ਸਲਾਨਾ ਆਮਦਨ 60,000/- ਰੁਪਏ ਤੋਂ ਜਿਆਦਾ ਨਾ ਹੋਵੇ, ਪਰਿਵਾਰ ਕੋਲ ਸ਼ਹਿਰੀ ਖੇਤਰ ਵਿਚ 100 ਗਜ ਤੋਂ ਵੱਧ ਰਿਹਾਇਸੀ ਮਕਾਨ/750 ਵਰਗ ਫੁੱਟ ਤੋਂ ਵੱਧ ਦਾ ਫਲ਼ੈਟ ਨਾ ਹੋਵੇ, ਪਰਿਵਾਰ ਦੇ ਸਾਰੇ ਮੈਂਬਰ ਅਧਾਰ ਨੰਬਰ, ਮੋਬਾਇਲ ਨੰਬਰ ਅਤੇ ਅਕਾਂਊਂਟ ਨੰਬਰ ਆਪਣੀ ਪਹਿਚਾਣ ਅਤੇ ਤਸਦੀਕ ਲਈ ਵਰਤਣ ਦੀ ਸਹਿਮਤੀ ਦਿੰਦੇ ਹੋਣ, ਪਰਿਵਾਰ ਦਾ ਕੋਈ ਮੈਂਬਰ ਆਮਦਨ ਕਰ ਦਾਤਾ/ਵੈੱਟ ਐਕਟ-2005/ ਜੀ.ਐਸ.ਟੀ ਅਧੀਨ ਰਸਿਜਟਰਡ ਵਿਅਕਤੀ / ਸਰਵਿਸ ਟੈਕਸ ਦਾਤਾ / ਪ੍ਰਫੈਸ਼ਨਲ ਟੈਕਸ ਦਾਤਾ ਨਾ ਹੋਵੇ।

ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਦੇ ਘਰ ਚਾਰ ਪਹੀਆ ਵਾਹਨ, ਏ.ਸੀ, ਇਨਕਮ ਟੈਕਸ ਭਰਨ ਵਾਲੇ, ਕੋਈ ਪਰਿਵਾਰ ਵਿਦੇਸ਼ ਗਿਆ ਹੈ ਉਨ੍ਹਾਂ ਦੇ ਰਾਸ਼ਨ ਕਾਰਡ ਵੀ ਕੱਟੇ ਜਾਣਗੇ।

13/09/2022

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ

ਸਿਵਲ ਸਰਜਨ ਨੇ ਬੱਚਿਆਂ ਦੇ 100 ਫੀਸਦੀ ਟੀਕਾਕਰਨ ਦੀਆਂ ਹਦਾਇਤਾਂ ਦਿੱਤੀਆਂ

ਗੁਰਦਾਸਪੁਰ, 13 ਸਤੰਬਰ ( ) - ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਜ਼ਿਲ੍ਹੇ ਦੇ ਸਮੂਹ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਬੱਚਿਆਂ ਦਾ 100 ਫੀਸਦੀ ਟੀਕਾਕਰਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।

ਅੱਜ ਆਪਣੇ ਦਫ਼ਤਰ ਵਿੱਚ ਸੀਨੀਅਰ ਮੈਡੀਕਲ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਗਰਾਮਾਂ ਦੀ ਪ੍ਰਗਤੀ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਵੈਕਟਰ ਬੋਰਨ ਡਿਸੀਸ ਕੰਟਰੋਲ ਪ੍ੋਗਰਾਮ ਤਹਿਤ ਗਤੀਵਿਧੀਆਂ ਵਿਚ ਤੇਜੀ ਲਿਆਂਦੀ ਜਾਵੇ ਅਤੇ ਲੋਕਾਂ ਨੂੰ ਮਲੇਰੀਆ, ਡੇਂਗੂ ਆਦਿ ਬਿਮਾਰੀਆਂ ਬਾਰੇ ਜਾਗਰੂਕ ਵੀ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਚ ਜਲਦ ਕੋਵਿਡ ਆਰ.ਟੀ.ਪੀ.ਸੀ.ਆਰ ਲੈਬ ਬਣ ਜਾਵੇਗੀ, ਜਿਸ ਨਾਲ ਕੋਵਿਡ ਦੇ ਟੈਸਟ ਹੋਰ ਅਸਾਨੀ ਨਾਲ ਕੀਤੇ ਜਾ ਸਕਣਗੇ।

ਸਿਵਲ ਸਰਜਨ ਨੇ ਕਿਹਾ ਕਿ ਸਕੂਲਾਂ ਅਤੇ ਆਂਗਨਵਾੜੀ ਵਿੱਚ ਪੜ੍ਹਦੇ ਬਚਿਆਂ ਦਾ ਚੈਕਅਪ ਸਮੇਂ ਸਿਰ ਕੀਤਾ ਜਾਵੇ। ਸਾਰੀਆਂ ਗਰਭਵਤੀ ਔਰਤਾਂ ਦਾ ਸਮੇਂ ਸਿਰ ਚੈਕਅਪ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਟੀਬੀ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਵਾਈ ਦੇਣਾ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਸਾਰੇ ਟੀਬੀ ਮਰੀਜ ਆਪਣਾ ਬੈਂਕ ਅਕਾਉਂਟ ਜਰੂਰ ਖੁਲਵਾਉਣ। ਸ਼ੂਗਰ ਅਤੇ ਬੀਪੀ ਮਰੀਜਾਂ ਦਾ ਸਮੇਂ ਸਿਰ ਚੈਕਅਪ ਕਰਕੇ ਦਵਾਈ ਦੇਣਾ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਏ.ਸੀ.ਐਸ ਡਾਕਟਰ ਭਾਰਤ ਭੂਸ਼ਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਲਖਵਿੰਦਰ ਸਿੰਘ ਅਠਵਾਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਰਵਿੰਦ ਮਨਚੰਦਾ, ਜ਼ਿਲ੍ਹਾ ਸਿਹਤ ਅਫਸਰ ਡਾ. ਅਰਵਿੰਦ ਮਹਾਜਨ, ਜ਼ਿਲ੍ਹਾ ਐਪੀਡਮੋਲੋਜਿਸਟ ਡਾ ਪ੍ਰਭਜੋਤ ਕੌਰ ਕਲਸੀ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Address

District Public Relations Office
Gurdaspur

Website

Alerts

Be the first to know and let us send you an email when Gurdaspur District posts news and promotions. Your email address will not be used for any other purpose, and you can unsubscribe at any time.

Contact The Organization

Send a message to Gurdaspur District:

Share