31/07/2026
ਭਾਰਤ ਦੀ ਆਜ਼ਾਦੀ ਸੰਗਰਾਮ ਦੇ ਮਹਾਂ- ਨਾਇਕ, ਗਦਰ ਪਾਰਟੀ ਦੇ ਅਹਿਮ ਕਾਰਕੁੰਨ, ਧਰਮ ਨਿਰਪੱਖਤਾ ਦੇ ਪ੍ਰਤੀਕ, ਵਿਚਾਰਧਾਰਕ ਪੱਖੋਂ ਪ੍ਰਪੱਕ ਤੇ ਗਰਮ ਖਿਆਲੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਰਾਮ ਮੁਹੰਮਦ ਸਿੰਘ ਅਜਾ਼ਦ ਜੀ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
26 ਦਸੰਬਰ 1899 ਈਸਵੀ ਨੂੰ ਕਸਬਾ ਸੁਨਾਮ ਦੇ ਸਧਾਰਣ ਪਰਿਵਾਰ ਵਿੱਚ ਜਨਮੇ, 19 ਸਾਲਾ ਨੌਜਵਾਨ ਊਧਮ ਸਿੰਘ ਬਰਤਾਨਵੀ ਹਕੂਮਤ ਦੇ ਤੱਤਕਾਲੀ ਲੈਫ਼ਟੀਨੈਂਟ ਗਵਰਨਰ ਓਡਵਾਇਰ ਦੇ ਹੁਕਮਾਂ ਅਨਸਾਰ ਜਨਰਲ ਡਾਇਰ ਵੱਲੋਂ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਸ੍ਰੀ ਅੰਮ੍ਰਿਤਸਰ ਵਿਖੇ ਰੋਲਟ ਐਕਟ ਦਾ ਵਿਰੋਧ ਕਰ ਰਹੇ ਨਿਹੱਥੇ ਅਤੇ ਸ਼ਾਂਤਮਈ ਪੰਜਾਬੀਆਂ ਉੱਪਰ ਅੰਧਾਧੁੰਦ ਗੋਲੀਆਂ ਚਲਾ ਕੇ ਸੈਂਕੜੇ ਪੰਜਾਬੀਆਂ ਨੂੰ ਸ਼ਹੀਦ ਕਰਨ ਅਤੇ ਬਾਕੀ ਬਚੇ ਜ਼ਖਮੀਆਂ ਤੇ ਹੋਰ ਵਿਖਾਵਾਕਾਰੀਆਂ ਉੱਪਰ ਘੋਰ ਅਣਮਨੁੱਖੀ ਤਸ਼ੱਦਦ ਕਰਨ ਕਾਰਨ 21 ਸਾਲਾਂ ਬਾਅਦ 13 ਮਾਰਚ 1940 ਈਸਵੀ ਨੂੰ ਸੱਤ ਸਮੁੰਦਰ ਪਾਰ ਕਰਕੇ ਲੰਡਨ ਦੇ ਕੈਕਸਟਿਨ ਹਾਲ ਵਿਖੇ ਖੂਨੀ ਸਾਕੇ ਦੇ ਦੋਸ਼ੀ ਓਡਵਾਇਰ ਨੂੰ ਭਾਸ਼ਣ ਦਿੰਦੇ ਸਮੇਂ ਗੋਲੀਆਂ ਨਾਲ ਭੁੰਨ ਕੇ ਸੀਨੇ ਵਿੱਚ ਬਲ ਰਹੀ 21 ਸਾਲਾਂ ਦੀ ਬਦਲੇ ਦੀ ਅੱਗ ਸ਼ਾਂਤ ਕਰਕੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ।
ਊਧਮ ਸਿੰਘ ਦੇ ਮਹਾਨ ਕਾਰਜ ਬਾਰੇ ਲੰਡਨ ਤੋਂ ਪ੍ਰਕਾਸ਼ਿਤ ਹੁੰਦੇ ਪ੍ਰਸਿੱਧ ਅਖ਼ਬਾਰ ‘ਦੀ ਟਾਈਮਜ਼ ਆਫ ਲੰਡਨ’ ਨੇ ਸ਼ਹੀਦ ਊਧਮ ਸਿੰਘ ਨੂੰ ‘ਆਜ਼ਾਦੀ ਦਾ ਲੜਾਕਾ’ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗੁੱਸੇ ਦਾ ਇਜ਼ਹਾਰ ਕਿਹਾ । ਇਸ ਕਾਰਨਾਮੇ ਬਾਰੇ ਜਰਮਨ ਰੇਡੀਓ ਤੋਂ ਵਾਰ-ਵਾਰ ਇਹ ਨਸ਼ਰ ਹੁੰਦਾ ਰਿਹਾ, ‘‘ਹਾਥੀਆਂ ਦੀ ਤਰ੍ਹਾਂ ਭਾਰਤੀ ਆਪਣੇ ਦੁਸ਼ਮਣਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦੇ । ਉਹ ਵੀਹ ਸਾਲ ਤੋਂ ਲੰਮੇ ਵਕਫ਼ੇ ਬਾਅਦ ਵੀ ਉਹਨਾਂ ਨੂੰ ਮਾਰ ਮੁਕਾਉਂਦੇ ਹਨ । ਪੰਡਤ ਜਵਾਹਰ ਲਾਲ ਨਹਿਰੂ , ਮਹਾਤਮਾ ਗਾਂਧੀ ਵਰਗੇ ਸਿਰਕੱਢ ਕਾਂਗਰਸੀ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਜਦੋਂ ਕਿ ਅਜ਼ਾਦ ਹਿੰਦ ਫੌਜ ਦੇ ਮਹਾਂ-ਨਾਇਕ ਸੁਭਾਸ਼ ਚੰਦਰ ਬੋਸ ਜੀ ਨੇ ਊਧਮ ਸਿੰਘ ਦੇ ਇਸ ਕਾਰਨਾਮੇ ਦੀ ਪ੍ਰਸ਼ੰਸਾ ਕੀਤੀ ਸੀ।
ਭਾਰਤੀਆ ਨੂੰ ਭੈਭੀਤ ਕਰਨ ਅਤੇ ਭਾਰਤ ਵਿੱਚ ਆਪਣੀ ਹਕੂਮਤ ਨੂੰ ਬਣਾਈ ਰੱਖਣ ਲਈ ਹੋਰ ਸ਼ਹੀਦਾਂ ਵਾਂਗ ਊਧਮ ਸਿੰਘ ਉੱਪਰ ਕਤਲ ਦਾ ਮੁਕੱਦਮਾ ਚਲਾ ਕੇ ਦੋਸ਼ੀ ਠਹਿਰਾਇਆ ਗਿਆ ਅਤੇ 31 ਜੁਲਾਈ 1940 ਈਸਵੀ ਨੂੰ ਪੈਟਨਵਿਲੇ ਜੇਲ੍ਹ ਲੰਡਨ ਵਿਖੇ ਫਾਂਸੀ ਦੇ ਦਿੱਤੀ ਗਈ । ਜੇਲ੍ਹ ਵਿੱਚ ਵਿੱਚ ਰਹਿੰਦਿਆਂ , ਊਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ' ਦੀ ਵਰਤੋਂ ਕੀਤੀ, ਜੋ ਭਾਰਤ ਵਿੱਚ ਧਰਮ ਨਿਰਪੱਖ ਅਤੇ ਉਸਦੀ ਅੰਗ੍ਰੇਜ਼ ਬਸਤੀਵਾਦੀ ਵਿਰੋਧੀ ਭਾਵਨਾ ਦਾ ਲਖਾਇਕ ਹੈ।
ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਉੱਤੇ ਸਾਰੇ ਦੇਸ਼ਵਾਸੀ ਮਾਣ ਮਹਿਸੂਸ ਕਰਦੇ ਹਨ, ਮਹਾਨ ਸਪੂਤ ਦੀ ਵਿਲੱਖਣ ਸੂਰਮਗਤੀ ਭਰਪੂਰ ਕੁਰਬਾਨੀ ਸਦਕਾ ਦੇਸ਼ਵਾਸੀ ਅਤੇ ਖਾਸ ਕਰਕੇ ਹਰ ਪੰਜਾਬੀ ਖ਼ੁਦ ਨੂੰ ਵਿਸ਼ੇਸ਼ ਰੂਪ ਵਿੱਚ ਮਾਣਮੱਤਾ ਮਹਿਸੂਸ ਕਰਦਾ ਹੈ । ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਦੀਆਂ ਤੱਕ ਭਾਰਤੀ ਲੋਕਾਂ ਨੂੰ ਦੇਸ਼ ਪਿਆਰ ਅਤੇ ਦੇਸ਼ ਲਈ ਕੁਰਬਾਨ ਹੋਣ ਦੀ ਪ੍ਰੇਰਨਾ ਦਿੰਦੀ ਰਹੇਗੀ।
ਅੱਜ ਮਹਾਨ ਨਾਇਕ ਦੇ 87ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰ ਭਗਵੰਤ ਸਿੰਘ ਮਾਨ, ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ, ਪੰਜਾਬ ਦੇ ਸਮੂਹ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਕੇ ਪੰਜਾਬੀ ਅਨਾਜ ਮੰਡੀ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀਆਂ ਭੇਂਟ ਕਰਨਗੇ 🙏🏻
Kejrival #
ਇੰਜੀ ਇੰਦਰ ਜੀਤ ਸਿੰਘ ( ਐਫ ਆਈ ਈ ) ਐਡਵੋਕੇਟ, ਨਿਆਮੀਵਾਲਾ । ਜਿਲਾ ਪ੍ਰਧਾਨ ਸੇਵਾ ਮੁਕਤ ਅਧਿਕਾਰੀ/ ਕਰਮਚਾਰੀ ਵਿੰਗ ਫਰੀਦਕੋਟ । ਮੈਂਬਰ ਵਿੱਦਿਆ ਵਿਕਾਸ ਬੋਰਡ ਪੰਜਾਬ ।
ਜ਼ਿਲਾ ਪ੍ਰਧਾਨ ਸਿੱਖਿਆ ਵਿੰਗ ਫਰੀਦਕੋਟ ।