29/08/2026
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਅਤੇ ਸਿਰਕੱਢ ਜਥੇਦਾਰ ਰਹੇ ਜਥੇਦਾਰ ਸ. ਸੁਖਜੀਤ ਸਿੰਘ ਕਾਲਾ ਅਫਗਾਨਾ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਇਸ ਮੌਕੇ ਸ. ਮਾਨ ਨੇ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵੱਲੋਂ ਲੰਮੇ ਸਮੇਂ ਤੱਕ ਪੰਥ ਅਤੇ ਪਾਰਟੀ ਲਈ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਦਾਰ ਕਾਲਾ ਅਫਗਾਨਾ ਪਾਰਟੀ ਦੇ ਉਨ੍ਹਾਂ ਸਿਰਕੱਢ ਜਥੇਦਾਰਾਂ ਵਿੱਚੋਂ ਸਨ, ਜਿਨ੍ਹਾਂ ਨੇ ਹਰ ਔਖੇ ਸਮੇਂ ਵਿੱਚ ਆਪਣੇ ਸਿਧਾਂਤਾਂ ਅਤੇ ਪੰਥਕ ਸੋਚ ਪ੍ਰਤੀ ਵਫ਼ਾਦਾਰੀ ਕਾਇਮ ਰੱਖੀ।
ਸ. ਸਿਮਰਨਜੀਤ ਸਿੰਘ ਮਾਨ ਨੇ ਭਾਵੁਕ ਸ਼ਬਦਾਂ ਵਿੱਚ ਸ. ਗੁਰਬਿੰਦਰ ਸਿੰਘ ਜੌਲੀ, ਹਲਕਾ ਫਤਿਹਗੜ੍ਹ ਚੂੜੀਆਂ, ਅਤੇ ਸਮੂਹ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਸੁਖਜੀਤ ਸਿੰਘ ਜੀ ਦੀਆਂ ਪੰਥਕ ਸੇਵਾਵਾਂ ਅਤੇ ਉਨ੍ਹਾਂ ਦਾ ਸਮਰਪਿਤ ਜੀਵਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪ੍ਰੋ. ਮਹਿੰਦਰ ਪਾਲ ਸਿੰਘ ਜਨਰਲ ਸਕੱਤਰ, ਸ. ਹਰਪਾਲ ਸਿੰਘ ਬਲੇਰ ਜਨਰਲ ਸਕੱਤਰ, ਸ. ਗੁਰਬਚਨ ਸਿੰਘ ਪਵਾਰ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸ. ਜਸਬੀਰ ਸਿੰਘ ਬਚੜੇ ਜਥੇਬੰਦਕ ਸਕੱਤਰ ਮਾਝਾ ਜ਼ੋਨ, ਸ. ਉਪਿੰਦਰ ਪ੍ਰਤਾਪ ਸਿੰਘ ਪੀ.ਏ. ਟੂ ਸ. ਸਿਮਰਨਜੀਤ ਸਿੰਘ ਮਾਨ, ਸ. ਬਹਾਦਰ ਸਿੰਘ ਭਸੌੜ ਮੈਂਬਰ ਪੀ.ਏ.ਸੀ., ਸ. ਕੁਲਵੰਤ ਸਿੰਘ ਸਮੇਤ ਹੋਰ ਪਾਰਟੀ ਆਗੂਆਂ, ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਜਥੇਦਾਰ ਸੁਖਜੀਤ ਸਿੰਘ ਕਾਲਾ ਅਫਗਾਨਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਾਰੀ ਕਰਤਾ:ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)