Baljit Kaur Khalsa Barnala

Baljit Kaur Khalsa Barnala Block Development & Panchayat Officer !
(2)

02/06/2026
02/06/2026

ਉਪਰੋਂ ਸ਼ਾਂਤ ਸਮੁੰਦਰ ਏਂ, ਪਰ ਅੰਦਰ ਦਰਦ ਘਨੇਰਾ ਏ,
ਦਿਲ ਵਿੱਚ ਤੇਰੇ ਭਾਂਬੜ ਮੱਚਦੇ,ਬਾਹਰੋਂ ਹੱਸਦਾ ਚਿਹਰਾ ਏ।

ਹੱਸਣ ਦੇ ਲਈ ਕੋਈ ਬਹਾਨਾ,ਦੇ ਸਕਦੈਂ ਤਾਂ ਦੇ,
ਰੋਣ ਲਈ ਤਾਂ ਦੁਨੀਆਂ ਕੋਲ, ਆਪਣਾ ਦਰਦ ਬਥੇਰਾ ਏ।

ਮਿੱਠੀ ਨੀਂਦ ਸੁਆ ਕੇ ਤੈਨੂੰ, ਸੁਪਨੇ ਨਿੱਤ ਵਿਖਾਉਂਦਾ ਜੋ,
ਉੱਠ ਓ ਭਲਿਆ ਲੋਕਾ!! ਸੱਜਣ ਨਹੀਂ... ਲੁਟੇਰਾ ਏ।

ਦਰ-ਦਰ ਜਿਸਨੂੰ ਲੱਭਦਾ ਫਿਰਦੈਂ, ਉਹ ਤਾਂ ਤੇਰੇ ਅੰਦਰ ਏ,
ਰੌਸ਼ਨੀਆਂ ਵਿਚ ਫਿਰੇਂ ਗਵਾਚਾ, ਅੰਦਰ ਘੁੱਪ ਹਨੇਰਾ ਏ।

ਠੋਕਰ ਵੱਜਿਆਂ ਸ਼ੀਸ਼ੇ ਵਾਂਗੂੰ,ਇਹ ਤਾਂ ਟੁੱਟ ਹੀ ਜਾਂਦਾ ਏ,
ਦਿਲ ਤਾਂ ਆਖ਼ਰ ਦਿਲ ਹੀ ਏ, ਤੇਰਾ ਏ ਜਾਂ ਮੇਰਾ ਏ।

ਛੱਡ ਕੇ ਰੋਸੇ ਮਨ ਦੇ ਸੱਜਣਾ, ਆ ਹੁਣ 'ਕੱਠੇ ਤੁਰੀਏ,
ਕੱਲਿਆਂ-ਕੱਲਿਆਂ ਤੁਰਿਆਂ... ਲੱਗਦਾ ਪੰਧ ਲਮੇਰਾ ਏ।

ਲੋਕੀਂ ਹੱਸਣ..ਤਾਹਨੇ ਮਾਰਨ..ਪਰ ਨਾ ਕਰ ਪਰਵਾਹ,
ਮੰਜ਼ਿਲ ਤੱਕ ਪਹੁੰਚਣ ਲਈ ਪੈਂਦਾ, ਕਰਨਾ ਵੱਡਾ ਜੇਰਾ ਏ।

ਹੰਭ-ਹੁੱਟ ਕੇ ਬਹਿ ਨਾ ਜਾਵੀਂ, ਤੁਰਦਾ ਰਹਿ ਮੁਸਾਫ਼ਿਰ,
ਰਾਤ ਹੋਵੇ ਭਾਵੇਂ ਕਿੰਨੀ ਲੰਮੀ, ਆਉਂਦਾ ਸੁਰਖ਼ ਸਵੇਰਾ ਏ।

✍🏻 ਸਤਿੰਦਰਜੀਤ ਕੌਰ

02/06/2026

ਹੁੰਗਾਰਿਆਂ ਦੀ ਮਿੱਠੀ ਚਾਸ਼ਣੀ
ਅਚਾਨਕ
ਸੂਰਜ ਦੀ ਤਪਸ਼ ਨਾਲ
ਫਿੱਕੀ ਪੈ ਗਈ

ਬੋਲ
ਅਗਿਆਤਵਾਸ ਨੂੰ
ਪ੍ਰਸਥਾਨ ਕਰ ਗਏ

ਚੁੱਪ ਨੇ ਬਹੁਤਾਂ ਕੁੱਝ
ਆਪਣੇ ਕਲਾਵੇ ਵਿੱਚ ਲੈ ਲਿਆ

ਹੁਣ ਬਸ ਰਹਿ ਗਿਆ ਹੈ
ਤਾਂ ਉਹ ਹੈ
ਅੰਦਰ ਦਾ ਰੌਲਾ
ਸ਼ਾਇਦ ਉਮਰੋਂ ਲੰਮੇਰਾ
ਤੇ ਚੁੱਪ ਤੋਂ ਵੀ ਗਹਿਰਾ

✍🏻 ਵਿਕਾਸ

02/06/2026

ਸੋਹਣੀ ਕਵਿਤਾ ਲਿਖ ਰਹੀ ਵਿਰਕ ਪੁਸ਼ਪਿੰਦਰ ਦਾ ਅੱਜ ਜਨਮ ਦਿਨ ਹੈ। ਉਸ ਦੇ ਜਨਮ ਦਿਨ ਤੇ ਉਸ ਦੀ ਕਵਿਤਾ ਦਾ ਰੰਗ ਪੇਸ਼ ਹੈ ਜੀ:~
ਨਾਇਕ ਦੀ ਤਲਾਸ਼ ~ ਵਿਰਕ ਪੁਸ਼ਪਿੰਦਰ

ਬੇਮੌਸਮੇ ਵਖ਼ਤ ਦੇ ਸੁੰਨੇ ਅਸਮਾਨ ਹੇਠ
ਖੁਦਗਰਜ਼ੀ ਦੀ ਧੂੜ ਨਾਲ
ਧੁੰਦਲੇ ਹੋਏ ਇਸ ਦੌਰ ਵਿੱਚ
ਜਦੋਂ ਹਨ੍ਹੇਰਾ
ਹਰ ਰੌਸ਼ਨੀ ਨੂੰ ਨਿਗਲਣਾ ਚਾਹੁੰਦਾ
ਮੈਂ ਇੱਕ ਨਿੱਕੀ ਜਿਹੀ ਲੌ ਹੱਥ ਵਿੱਚ ਫੜ੍ਹ ਖੜ੍ਹੀ ਹਾਂ
ਇੱਕ ਨਾਇਕ ਦੀ ਤਲਾਸ਼ ਵਿੱਚ

ਰੁੱਖ ਨਹੀਂ
ਸਿਰਫ ਪਰਛਾਵੇਂ ਮਿਲੇ
ਅੰਦਰੋਂ ਸੁੱਕੇ
ਜਿਨ੍ਹਾਂ ਦੀਆਂ ਜੜਾਂ ਮੁਫ਼ਾਦ ਦੀ ਮਿੱਟੀ ਵਿੱਚ
ਇੰਨਾ ਡੂੰਘਾ ਧੱਸ ਗਈਆਂ
ਕਿ ਉਨ੍ਹਾਂ ਵਿੱਚੋਂ ਸੱਚ ਦੀ ਕੋਈ ਕੋਪਲ ਨਹੀਂ ਫੁੱਟਦੀ

ਹਰ ਸ਼ਖ਼ਸ ਆਪਣੇ ਹੀ ਅਕਸ ਨਾਲ ਮਸਤ
ਹਰ ਦਿਲ ਆਪਣੀ ਹੀ ਕੈਦ ਵਿੱਚ

ਮੈਂ ਤਲਾਸ਼ ਕੀਤੀ
ਇੱਕ ਕਥਾ ਦੇ ਪੰਨਿਆਂ ਤੋਂ ਪਾਰ
ਇੱਕ ਨਾਇਕ ਦੀ
ਜਿਸ ਦੀਆਂ ਅੱਖਾਂ ਵਿੱਚ ਬਿਜਲੀ ਦੀ ਚਮਕ ਹੋਵੇ
ਹੱਥਾਂ ਵਿੱਚ ਇਨਕਲਾਬ ਦੀ ਗਰਮੀ
ਅਤੇ ਛਾਤੀ ਵਿੱਚ ਅਡੋਲ ਸੂਰਜ

ਪਰ ਸ਼ਹਿਰ ਦੇ ਚੌਰਾਹਿਆਂ ’ਤੇ
ਪੱਥਰ ਦੀਆਂ ਮੁਸਕਾਨਾਂ ਨਾਲ ਸਜੀਆਂ
ਸਿਰਫ਼ ਮੂਰਤੀਆਂ ਹੀ ਖੜ੍ਹੀਆਂ ਮਿਲੀਆਂ
ਮੁਰਦਾ ਸਰੀਰਾਂ ਵਿੱਚ ਕੋਈ ਧੜਕਣ ਨਹੀਂ ਧੜਕਦੀ

ਮੈਂ ਉਹਨਾਂ ਬਹਿਰੂਪੀਆਂ ਨੂੰ ਵੀ ਦੇਖਿਆ
ਜੋ ਬਸੰਤੀ ਰੰਗ ਦਾ ਭਰਮ ਸਿਰਜ
ਮੰਚਾਂ ’ਤੇ ਸ਼ਬਦਾਂ ਦੀਆਂ ਚਿੰਗਿਆਰੀਆਂ ਸੁੱਟਦੇ
ਇਨਕਲਾਬ ਦਾ ਮੁਲੰਮਾ ਤਾਂ ਲਗਾਉਂਦੇ
ਪਰ ਹਨ੍ਹੇਰੇ ਨੂੰ ਹੋਰ ਵੀ ਗੂੜ੍ਹਾ ਕਰਦੇ

ਥੱਕ ਕੇ ਜਦ ਮੈਂ
ਆਪਣੀ ਹੀ ਰੂਹ ਦੇ ਦਰਵਾਜ਼ੇ ’ਤੇ ਆ ਬੈਠੀ
ਤਾਂ ਇੱਕ ਖਾਮੋਸ਼ ਅਹਿਸਾਸ
ਮੇਰੇ ਅੰਦਰ ਜਗਮਗਾਇਆ

ਇਸ ਜੰਗ ਵਿੱਚ ਮੈਂ ਇਕੱਲੀ ਨਹੀਂ
ਮੇਰੇ ਹੱਥ ਵਿੱਚਲੀ ਇਹ ਰੌਸ਼ਨੀ
ਮੇਰੇ ਅੰਦਰਲੇ ਯਕੀਨ ਦਾ ਚਿਰਾਗ਼

ਨਾਇਕ ਤਲਵਾਰਾਂ ਨਾਲ ਨਹੀਂ ਬਣਦੇ
ਨਾ ਹੀ ਮੰਚਾਂ ਦੇ ਨਾਰਿਆਂ ਨਾਲ
ਨਾਇਕ ਤਾਂ ਉਹ ਹੁੰਦਾ
ਜੋ ਹਨ੍ਹੇਰੇ ਦੇ ਸਭ ਤੋਂ ਗਹਿਰੇ ਸਮੇਂ ਵਿੱਚ ਵੀ
ਸੱਚ ਦੀ ਇੱਕ ਕਿਰਨ ਨੂੰ ਜ਼ਿੰਦਾ ਰੱਖੇ

ਜਦੋਂ ਹਰ ਪਾਸੇ ਜ਼ੁਲਮ ਦੀ ਹਨ੍ਹੇਰੀ ਸ਼ੂਕ ਰਹੀ ਹੋਵੇ
ਉਸ ਵੇਲੇ ਇੱਕ ਦੀਵਾ ਜਗਾ ਕੇ ਖੜ੍ਹੇ ਰਹਿਣਾ
ਇਹੀ ਅਸਲ ਨਾਇਕਤਾ

ਅਤੇ ਅੱਜ
ਇਸ ਪਸਰੇ ਹਨ੍ਹੇਰੇ ਵਿੱਚ
ਚਾਨਣ ਦੀ ਕਾਤਰ ਫੜ੍ਹ
ਖੜ੍ਹੀ ਹਾਂ ਮੈਂ

ਇੱਕ ਨਾਇਕ ਦੀ ਤਲਾਸ਼ ਵਿੱਚ।

✍🏻 ਵਿਰਕ ਪੁਸ਼ਪਿੰਦਰ

Address

Patiala

Website

Alerts

Be the first to know and let us send you an email when Baljit Kaur Khalsa Barnala posts news and promotions. Your email address will not be used for any other purpose, and you can unsubscribe at any time.

Contact The Organization

Send a message to Baljit Kaur Khalsa Barnala:

Share