12/09/2026
ਇੱਕ ਮਜ਼ਦੂਰ ਖੁਦਕੁਸ਼ੀ ਕਰ ਲਈ ਕਿਉਂਕਿ ਉਸਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਸੀ। ਇੱਕ ਨੌਜਵਾਨ ਨੂੰ ਜਬਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਸਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਤੇ ਸਰਕਾਰ ਦੇ ਕੰਮ ਨਾ ਕਰਨ ਦੇ ਵਿਰੁੱਧ ਕਾਲਾ ਕੱਪੜਾ ਦਿਖਾਇਆ। ਅਜਿਹੀਆਂ ਸਥਿਤੀਆਂ ਵਿਚ ਬੋਲਣਾ ਆਮ ਲੋਕਾਂ ਦਾ ਜ਼ਰੂਰੀ ਕੰਮ ਬਣ ਜਾਂਦਾ ਹੈ ਜਦੋਂ ਸੱਤਾ ਜਨਤਾ ਨੂੰ ਬੁੱਧੂ ਬਣਾਵੇ ਤੇ ਸਵਾਲਾਂ ਤੋਂ ਭੱਜਣ ਲੱਗ ਜਾਵੇ। ਇਨਾਂ ਅਣਮਨੁੱਖੀ ਘਟਨਾਵਾਂ ਨੂੰ ਸੰਬੋਧਿਤ ਹੁੰਦਿਆਂ ਕੱਲ 11/09/2026 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਤਸ਼ੱਦਦ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਡੀ.ਐਸ.ਓ. ਦੇ ਸਾਥੀਆਂ ਨੇ ਗੱਲ-ਬਾਤ ਰੱਖਦੇ ਹੋਏ ਕਿਹਾ ਕਿ ਇਹ ਕੋਈ ਆਮ ਘਟਨਾ ਨਹੀਂ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਜਮਹੂਰੀ ਹੱਕਾਂ ਦੇ ਉੱਪਰ ਲਗਾਤਾਰ ਡਾਕਾ ਵੱਜ ਰਿਹਾ ਹੈ। ਕਿਸ ਤਰ੍ਹਾਂ ਸਰਕਾਰ ਲੋਕਾਂ ਦੇ ਮਨ ਦੇ ਵਿੱਚ ਸਹਿਮ ਪੈਦਾ ਕਰ ਰਹੀ ਹੈ ਕਿ ਜੋ ਵੀ ਸਰਕਾਰ ਦੀਆਂ ਨਾਕਾਮੀਆਂ ਤੇ ਸਵਾਲ ਕਰੇਗਾ ਉਹਦਾ ਨਤੀਜਾ ਪੁਲਿਸ ਤਸ਼ੱਦਦ, ਜੇਲ੍ਹ ਜਾਂ ਫਿਰ ਮੌਤ ਤੱਕ ਵੀ ਹੋ ਸਕਦਾ ਹੈ।
ਪਾਰਸ ਨੇ ਪੂਰੇ ਪ੍ਰੋਗਰਾਮ ਦੀ ਗੱਲ-ਬਾਤ ਸ਼ੁਰੂ ਕਰਦੇ ਹੋਏ ਇਸਦੀ ਕਾਲੇ ਦੌਰ ਨਾਲ ਤੁਲਨਾ ਕੀਤੀ। ਡੀ.ਐਸ.ਓ. ਦੇ ਸਾਥੀ ਮੋਨੂੰ ਨੇ ਕਵਿਤਾ ਬੋਲੀ ਅਤੇ ਗੁਰਸ਼ਿੰਦਰ ਨੇ ਅਪਣੀ ਗੱਲ-ਬਾਤ ਦੀ ਸ਼ੁਰੂਆਤ ਵਿੱਚ ਕਿਹਾ ਕਿ ਇਹ ਘਟਨਾ ਸਾਡੇ ਦੇਸ਼, ਸਮਾਜ ਤੇ ਖਾਸ ਕਰਕੇ ਪੰਜਾਬ ਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਥਿਤੀ ਨੂੰ ਬਿਆਨ ਕਰਦਾ ਹੈ।
ਉਹਨਾਂ ਨੇ ਕਿਹਾ ਕਿ ਇਹ ਅਕਸਰ ਹੀ ਹੁੰਦਾ ਆਇਆ ਹੈ ਕਿ ਸਵਾਲ ਕਰਨ ਦਾ ਜਿਹੜਾ ਪ੍ਰਿਵੀਲੇਜ ਹੈ ਉਹ ਪਿੰਡ ਦੇ ਕੁਝ ਲੋਕਾਂ ਨੂੰ ਹੀ ਹਾਸਿਲ ਹੈ। ਜਦੋਂ ਵੀ ਕੋਈ ਆਮ ਨੌਜਵਾਨ ਜਾਂ ਖਾਸ ਕਰਕੇ ਮਜ਼ਦੂਰ ਵਰਗ ਦਾ ਇਨਸਾਨ ਕਿਸੇ ਸਰਕਾਰੀ ਨੁਮਾਇੰਦੇ ਨੂੰ ਸਵਾਲ ਪੁੱਛਦਾ ਹੈ ਤਾਂ ਪਿੰਡ ਦੇ ਟਾਊਟ ਜਾਂ ਘੜੰਮ ਚੌਧਰੀ ਆਮ ਲੋਕਾਂ ਨੂੰ ਸਵਾਲ ਪੁੱਛਣ ਤੋਂ ਰੋਕਦੇ ਹਨ ਅਤੇ ਉਹਨਾਂ ਨੂੰ ਜਲੀਲ ਵੀ ਕਰਦੇ ਹਨ, ਜੋ ਕਿ ਪਿੰਡ ਤੂਰ ਬੰਜਾਰਾ ਦੀ ਇਸ ਘਟਨਾ ਵਿੱਚ ਵੀ ਦੇਖਣ ਨੂੰ ਮਿਲਿਆ।
ਮੋਹਨਜੀਤ ਸੇਰੋਂ ਜ਼ੋ ਕਿ ਆਪਣਾ ਫਰਜ਼ ਸਮਝਦੇ ਹੋਏ ਚਿੱਟੇ ਦੇ ਵਧਣ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ। ਬੀਤੇ ਦਿਨੀਂ ਭਗਵੰਤ ਮਾਨ ਦੇ ਕੰਮ ਨਾ ਕਰਨ ਅਤੇ ਝੂਠੀ ਲੋਕ ਮਿਲਣੀ ਦੇ ਰੋਸ ਵਜੋਂ ਮੋਹਨਜੀਤ ਨੇ ਕਾਲਾ ਝੰਡਾ ਦਿਖਾਇਆ ਜਿਸ ਤੋਂ ਭਗਵੰਤ ਮਾਨ ਦੀ ਸ਼ਹਿ ਨਾਲ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਢਾਹਿਆ।
ਇਹਨਾਂ ਦੋਵਾਂ ਮਾਮਲਿਆਂ ਵਿੱਚ ਸਰਕਾਰ ਦਾ ਰੋਲ ਸਪੱਸ਼ਟ ਹੈ ਕਿ ਬੋਲਣ ਵਾਲੇ ਦੀ ਜ਼ੁਬਾਨ ਬੰਦ ਕਰਾਉਣ ਲਈ ਇਸ ਤਰੀਕੇ ਦੇ ਹੱਥਕੰਡੇ ਅਪਣਾਏ ਜਾਣਗੇ।
ਇਸ ਦਾ ਹੱਲ ਲੋਕ ਸੰਘਰਸ਼ ਰਾਹੀਂ ਹੀ ਦਿੱਤਾ ਜਾ ਸਕਦਾ ਹੈ। ਗੱਲ-ਬਾਤ ਦੀ ਸਮਾਪਤੀ ਵਿੱਚ ਦੋਸਤਾਂ ਨੇ ਦੱਸਿਆ ਕਿ ਪੁਲਿਸੀਆ ਜਬਰ ਅਤੇ ਸੱਤਾ ਦੇ ਨਸ਼ੇ ਦਾ ਪੁਖਤਾ ਇਲਾਜ ਸਮਾਜਵਾਦ ਲੈ ਕੇ ਆਉਣ ਤੋਂ ਬਾਅਦ ਹੀ ਸੰਭਵ ਹੋ ਸਕਦਾ ਹੈ।